ਸੰਘਣੀ ਧੁੰਦ ਤੇ ਠੰਢ ਦਾ ਕਹਿਰ ਜਾਰੀ
ਸੰਘਣੀ ਧੁੰਦ ਤੇ ਠੰਡ ਦਾ ਕਹਿਰ ਲਗਾਤਾਰ ਜਾਰੀ
Publish Date: Tue, 30 Dec 2025 08:15 PM (IST)
Updated Date: Tue, 30 Dec 2025 08:17 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਵਿਚ ਸੰਘਣੀ ਧੁੰਦ ਅਤੇ ਠੰਢ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਕਪੂਰਥਲਾ ਵਿਚ ਮੰਗਲਵਾਰ ਨੂੰ ਸੂਰਜ ਦੇਵਤਾ ਦੇ ਦਰਸ਼ਨ ਕਰੀਬ 1 ਵਜੇ ਤੋਂ ਬਾਅਦ ਹੋਏ, ਪਰ ਸ਼ਾਮ ਸਮੇਂ ਫਿਰ ਮੁੜ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ। ਉਸ ਤੋਂ ਪਹਿਲਾਂ ਪੂਰੇ ਸ਼ਹਿਰ ਵਿਚ ਧੁੰਦ ਦੀ ਚਿੱਟੀ ਚਾਦਰ ਲਿਪਟੀ ਰਹੀ। ਉੱਥੇ ਆਲੇ-ਦੁਆਲੇ ਦੇ ਪਿੰਡਾਂ ਵਿਚ ਵੀ ਧੁੰਦ ਦੀ ਚਾਦਰ ਹਲਕੀ ਜਿਹੀ ਛਾਈ ਰਹੀ। ਦਿਨ ਵੇਲੇ ਵਿਜ਼ੀਬਿਲਟੀ ਬਹੁਤ ਹੀ ਘੱਟ ਸੀ, ਪਰ ਰਾਤ ਦੇ ਸਮੇਂ ਸੀਤ ਲਹਿਰ ਚੱਲਣੀ ਸ਼ੁਰੂ ਹੋ ਗਈ, ਜਿਸ ਨਾਲ ਠੰਢ ਵਿਚ ਹੋਰ ਵਾਧਾ ਹੋ ਗਿਆ। ਧੁੰਦ ਵਿਚ ਸਵੇਰ ਦੇ ਸਮੇਂ ਵਾਹਨ ਚਾਲਕਾਂ ਨੂੰ ਵਾਹਨ ਚਲਾਉਂਣ ਵਿਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਅਗਲੇ 24 ਘੰਟਿਆਂ ਦੌਰਾਨ ਕਪੂਰਥਲਾ ਦੇ ਵੱਖ-ਵੱਖ ਥਾਵਾਂ ’ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਤੇ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਬਾਹਰੀ ਗਤੀਵਿਧੀਆ ਤੋਂ ਬਚਿਆ ਜਾਵੇ ਜਾਂ ਸੀਮਤ ਕੀਤਾ ਜਾਵੇ। ਉਥੇ ਹੀ ਜੇਕਰ ਸ਼ਹਿਰ ਦੇ ਦੁਕਾਨਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਉਨ੍ਹਾਂ ਦਾ ਕਾਰੋਬਾਰ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਿਹਾ ਹੈ। ਕਰੀਬ 1 ਵਜੇ ਤੱਕ ਧੁੰਦ ਦੀ ਚਾਦਰ ਨਾਲ ਸ਼ਹਿਰ ਲਿਪਟਿਆ ਹੋਣ ਕਾਰਨ ਕੋਈ ਵੀ ਗ੍ਰਾਹਕ ਖਰੀਦਦਾਰੀ ਕਰਨ ਲਈ ਨਹੀਂ ਪੁੱਜਦਾ ਅਤੇ ਜੇਕਰ ਧੁੱਪ ਚੜ੍ਹਣ ਤੋਂ ਬਾਅਦ ਗ੍ਰਾਹਕ ਦੁਕਾਨਾਂ ’ਤੇ ਆਉਂਦੇ ਹਨ ਤਾਂ ਮੁੜ ਜਲਦੀ ਹੀ ਫੇਰ ਸ਼ਾਮ ਸਮੇਂ ਮੌਸਮ ਬਦਲ ਜਾਂਦਾ ਹੈ ਅਤੇ ਮੁੜ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਕੰਮਕਾਜ ’ਤੇ ਅਸਰ ਪਿਆ ਹੈ। ਉੱਧਰ ਜੇਕਰ ਮੂੰਗਫਲੀ ਵੇਚਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਦੁਕਾਨਾਂ ’ਤੇ ਗ੍ਰਾਹਕਾਂ ਦੀ ਆਵਾਜਾਈ ਦਿਨੋ-ਦਿਨ ਠੰਢ ਦੇ ਮੌਸਮ ਕਾਰਨ ਵਧ ਰਹੀ ਹੈ।