ਆਪ ਨੇ ਪੇਪਰ ਰੱਦ ਕਰਵਾ ਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ : ਚੀਮਾ
ਜ਼ਿਲ੍ਹਾ ਪਰਿਸ਼ਦ ਤੇ ਸੰਮਤੀ ਚੋਣਾਂ ਵਿੱਚ ਉਮੀਦਵਾਰਾਂ ਨੂੰ ਡਰਾ ਧਮਕਾ ਕੇ ਪੇਪਰ ਰੱਦ ਕਰਵਾ ਕੇ ਲੋਕਤੰਤਰ ਦਾ ਕਤਲ ਕੀਤਾ- ਨਵਤੇਜ ਚੀਮਾ
Publish Date: Sat, 06 Dec 2025 10:03 PM (IST)
Updated Date: Sat, 06 Dec 2025 10:06 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੂਬੇ ਵਿਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਹਲਕਾ ਸੁਲਤਾਨਪੁਰ ਲੋਧੀ ’ਚ ਕਾਂਗਰਸ ਪਾਰਟੀ ਦੀ ਇਕ ਅਹਿਮ ਮੀਟਿੰਗ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਜ਼ਿਲ੍ਹਾ ਪਰਿਸ਼ਦ ਤੇ ਸੰਮਤੀ ਚੋਣਾਂ ਵਿਚ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ, ਜੋ ਕਿ ਇਸ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਸ਼ੀਨਰੀ ਵਜੋਂ ਕੰਮ ਕਰ ਰਹੀ ਪੁਲਿਸ ਨੇ ਕਾਂਗਰਸ ਵਰਕਰਾਂ ਨੂੰ ਕਾਗਜ਼ ਫਾਈਲ ਕਰਨ ਤੋਂ ਰੋਕਿਆ। ਕਈ ਉਮੀਦਵਾਰਾਂ ਦੇ ਪੇਪਰ ਹੀ ਦਾਖਲ ਨਹੀਂ ਹੋਣ ਦਿੱਤੇ ਪ੍ਰੰਤੂ ਪੰਜਾਬ ਸਰਕਾਰ ਯਾਦ ਰੱਖੇ ਕਿ ਕਾਂਗਰਸੀ ਵਰਕਰਾਂ ਦਾ ਹੌਸਲਾ ਬਹੁਤ ਹੀ ਬੁਲੰਦ ਹੈ ਤੇ ਕਾਂਗਰਸ ਪਾਰਟੀ ਇਸ ਧੱਕੇਸ਼ਾਹੀ ਦੇ ਬਾਵਜੂਦ ਚੋਣ ਜਿੱਤੇਗੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਹਾਰ ਤੋਂ ਡਰਦੇ ਮਾਰੇ ਅਜਿਹੀ ਧੱਕੇਸ਼ਾਹੀ ਹੀ ਕਰਨੀ ਸੀ ਤਾਂ ਚੋਣਾਂ ਕਰਵਾਉਣ ਦਾ ਕੀ ਫਾਇਦਾ, ਆਪਣੇ ਹੀ ਸਾਰੇ ਉਮੀਦਵਾਰਾਂ ਨੂੰ ਖੁਦ ਨੋਮੀਨੇਟ ਕਰ ਦਿੰਦੀ। ਨਵਤੇਜ ਚੀਮਾ ਨੇ ਕਿਹਾ ਕਿ ਸਾਡੇ ਉਮੀਦਵਾਰਾਂ ਨੂੰ ਵੱਖ-ਵੱਖ ਤਰੀਕਿਆਂ ਤੇ ਹਰਕਤਾਂ ਨਾਲ ਚੋਣ ਨਾ ਲੜਨ ਤੋਂ ਰੋਕਿਆ ਤੇ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ’ਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ, ਜਿਸ ਦਾ ਹਿਸਾਬ ਵੀ ਸਰਕਾਰ ਨੂੰ ਦੇਣਾ ਹੋਵੇਗਾ। ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਨਿਸ਼ਾਨ ਪੰਜੇ ’ਤੇ ਚੋਣ ਲੜ ਰਹੇ ਹਨ ਅਤੇ ਕੁਝ ਕਾਂਗਰਸੀ ਆਗੂ ਜੋ ਕਾਂਗਰਸ ਉਮੀਦਵਾਰ ਦਾ ਵਿਰੋਧ ਕਰ ਰਹੇ ਹਨ, ਉਹ ਆਪਣੇ ਆਪ ਨੂੰ ਕਾਂਗਰਸੀ ਆਗੂ ਨਾ ਅਖਵਾਉਣ। ਇਸ ਮੌਕੇ ਸਾਬਕਾ ਮੀਤ ਪ੍ਰਧਾਨ ਜ਼ਿਲ੍ਹਾ ਪਰਿਸ਼ਦ ਹਰਜਿੰਦਰ ਸਿੰਘ ਜਿੰਦਾ, ਬਲਾਕ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ, ਸ਼ਹਿਰੀ ਪ੍ਰਧਾਨ ਨਰਿੰਦਰ ਪੰਨੂ, ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਡਾ. ਨਰਿੰਦਰ ਗਿੱਲਾਂ, ਰਮੇਸ਼ ਡਡਵਿੰਡੀ, ਗੁਰਮੇਲ ਸਿੰਘ ਚਾਹਲ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਅਮਰਜੀਤ ਸਿੰਘ ਬੰਬ, ਅਮਰ ਸਿੰਘ ਮੰਡ, ਹਰਨੇਕ ਸਿੰਘ ਵਿਰਦੀ, ਮੋਨੋ ਭੰਡਾਰੀ, ਨੰਬਰਦਾਰ ਸਾਹਿਬ ਸਿੰਘ ਭੁੱਲਰ, ਸ਼ਿੰਦਰ ਸਿੰਘ ਬੂਸੋਵਾਲ ਆਦਿ ਵੀ ਹਾਜ਼ਰ ਸਨ। ਕੈਪਸ਼ਨ : 6ਕੇਪੀਟੀ28