ਬੱਚਿਆਂ ਵਿਚ ਘਟ ਰਹੀ ਸ਼ਹਿਣਸ਼ੀਲਤਾ ਚਿੰਤਾ ਦਾ ਵਿਸ਼ਾ : ਧਰਮਸੌਤ
ਬੱਚਿਆਂ ਵਿਚ ਘਟ ਰਹੀ ਸ਼ਹਿਣਸ਼ੀਲਤਾ ਚਿੰਤਾ ਦਾ ਵਿਸ਼ਾ,ਪ੍ਰਧਾਨ ਧਰਮਸੋਤ
Publish Date: Sun, 25 Jan 2026 09:33 PM (IST)
Updated Date: Sun, 25 Jan 2026 09:37 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਵੇਂ ਅੱਜ ਅਸੀਂ 21ਵੀਂ ਸਦੀ ਵਿਚ ਦਾਖਲ ਹੋ ਚੁੱਕੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਰੁਝੇਵਿਆਂ ਦਾ ਅਸਰ ਸਾਡੇ ਬੱਚਿਆਂ ’ਤੇ ਪੈਣਾ ਸ਼ੁਰੂ ਹੋ ਚੁੱਕਾ ਹੈ। ਪੂਰਾ ਦਿਨ ਮੋਬਾਈਲਾਂ ਦੀ ਵਰਤੋਂ ਕਰਕੇ ਬੱਚਿਆਂ ਵਿਚ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਸਾਨੂੰ ਆਪਣੇ ਰੁਝੇਵੇਂ ਭਰੇ ਸਮੇਂ ਵਿਚੋਂ ਕੁਝ ਸਮਾਂ ਆਪਣੇ ਬੱਚਿਆਂ ਤੇ ਪਰਿਵਾਰ ਨਾਲ ਜ਼ਰੂਰ ਬਿਤਾਉਣਾ ਚਾਹੀਦਾ ਹੈ ਤਾਂ ਜੋ ਉਹ ਸੱਭਿਆਚਾਰ, ਵੱਡਿਆਂ ਦਾ ਆਦਰ, ਛੋਟਿਆਂ ਨੂੰ ਪਿਆਰ ਸਬੰਧੀ ਭਲੀਭਾਂਤ ਜਾਣੂ ਹੋ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਧ ਬਾਬਾ ਬਾਲਕ ਨਾਥ ਮੰਦਰ ਮੁਹੱਲਾ ਧਰਮਕੋਟ ਫਗਵਾੜਾ ਦੇ ਪ੍ਰਧਾਨ ਅਸ਼ੋਕ ਕਮਲ ਧਰਮਸੋਤ ਨੇ ਕਿਹਾ ਕਿ ਬੱਚਿਆਂ ਨੂੰ ਸੰਸਕਾਰ, ਵੱਡਿਆਂ ਦਾ ਆਦਰ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਅੱਜ ਦੇ ਤੇਜ਼ੀ ਨਾਲ ਬਦਲ ਰਹੇ ਸਮਾਜ ਵਿਚ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਉਣਾ ਸਾਡੇ ਸਾਰਿਆਂ ਲਈ ਬਹੁਤ ਵੱਡੀ ਜ਼ਿੰਮੇਵਾਰੀ ਬਣ ਚੁੱਕੀ ਹੈ। ਬੱਚੇ ਦੇਸ਼ ਤੇ ਸਮਾਜ ਦਾ ਭਵਿੱਖ ਹੁੰਦੇ ਹਨ ਤੇ ਉਨ੍ਹਾਂ ਨੂੰ ਸੱਭਿਆਚਾਰਕ ਸੰਸਕਾਰ, ਵੱਡਿਆਂ ਦਾ ਆਦਰ ਕਰਨ ਦੀ ਭਾਵਨਾ ਤੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਦੀ ਸਿੱਖਿਆ ਦੇਣਾ ਹਰ ਮਾਤਾ-ਪਿਤਾ, ਅਧਿਆਪਕ ਤੇ ਸਮਾਜਿਕ ਵਿਅਕਤੀ ਦਾ ਫਰਜ਼ ਬਣਦਾ ਹੈ। ਵੱਡਿਆਂ ਦਾ ਆਦਰ ਕਰਨਾ ਸਾਡੀ ਭਾਰਤੀ ਤੇ ਪੰਜਾਬੀ ਸਭਿਆਚਾਰ ਦੀ ਮੁੱਖ ਪਛਾਣ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮਾਂ-ਪਿਉ, ਅਧਿਆਪਕਾਂ ਤੇ ਸਮਾਜ ਦੇ ਵੱਡਿਆਂ ਨਾਲ ਆਦਰ ਨਾਲ ਗੱਲ ਕਰਨੀ, ਉਨ੍ਹਾਂ ਦੀ ਸਲਾਹ ਮੰਨਣੀ ਤੇ ਸ਼ਿਸ਼ਟਾਚਾਰ ਅਪਣਾਉਣਾ ਸਿਖਾਉਣਾ ਚਾਹੀਦਾ ਹੈ। ਇਹ ਗੁਣ ਬੱਚਿਆਂ ਦੇ ਚਰਿੱਤਰ ਨੂੰ ਮਜ਼ਬੂਤ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਬਣਨ ਵਿਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਨਸ਼ਿਆਂ ਦੀ ਵਧ ਰਹੀ ਸਮੱਸਿਆ ਸਮਾਜ ਲਈ ਗੰਭੀਰ ਚੁਣੌਤੀ ਬਣੀ ਹੋਈ ਹੈ। ਨਸ਼ੇ ਨਾ ਸਿਰਫ਼ ਨੌਜਵਾਨੀ ਨੂੰ ਤਬਾਹ ਕਰਦੇ ਹਨ, ਸਗੋਂ ਪਰਿਵਾਰਾਂ ਤੇ ਸਮਾਜ ਨੂੰ ਵੀ ਗਹਿਰਾ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਹੀ ਅਤੇ ਸਮੇਂ ਸਿਰ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਗਲਤ ਸੰਗਤ ਤੇ ਗਲਤ ਰਸਤੇ ਤੋਂ ਬਚ ਸਕਣ। ਅਧਿਆਪਕਾਂ, ਸਕੂਲ ਪ੍ਰਬੰਧਨ ਤੇ ਸਮਾਜਕ ਸੰਸਥਾਵਾਂ ਵੱਲੋਂ ਸਮੇਂ-ਸਮੇਂ ‘ਤੇ ਜਾਗਰੂਕਤਾ ਪ੍ਰੋਗਰਾਮ, ਸੈਮੀਨਾਰ ਤੇ ਵਰਕਸ਼ਾਪ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਰਾਹੀਂ ਬੱਚਿਆਂ ਨੂੰ ਸਿਹਤਮੰਦ ਜੀਵਨ, ਖੇਡਾਂ ਵੱਲ ਰੁਝਾਨ ਤੇ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਅਖੀਰ ਵਿਚ ਅਸ਼ੋਕ ਕਮਲ ਧਰਮਸੌਤ ਨੇ ਕਿਹਾ ਕਿ ਗਲਤ ਨਹੀਂ ਹੋਵੇਗਾ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇ ਅਸੀਂ ਅੱਜ ਬੱਚਿਆਂ ਨੂੰ ਸਹੀ ਸਿੱਖਿਆ ਤੇ ਮਜ਼ਬੂਤ ਮੁੱਲ ਦਿਆਂਗੇ, ਤਾਂ ਕੱਲ੍ਹ ਉਹੀ ਬੱਚੇ ਇਕ ਸੁੰਦਰ, ਸਿਹਤਮੰਦ ਤੇ ਨਸ਼ਾ-ਮੁਕਤ ਸਮਾਜ ਦੀ ਨੀਂਹ ਬਣਣਗੇ।