ਘਰ ’ਚੋਂ ਸਿਲੰਡਰ ਚੋਰੀ, ਸੀਸੀਟੀਵੀ ’ਚ ਕੈਦ ਹੋਇਆ ਚੋਰ
ਘਰ ਦਾ ਗੇਟ ਟੱਪ ਕੇ ਸਿਲੰਡਰ ਚੋਰੀ, ਸੀਸੀਟੀਵੀ ਵਿੱਚ ਕੈਦ ਹੋਇਆ ਚੋਰ
Publish Date: Thu, 08 Jan 2026 08:59 PM (IST)
Updated Date: Thu, 08 Jan 2026 09:03 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਥਾਣਾ ਸੁਭਾਨਪੁਰ ਦੇ ਅਧੀਨ ਪੈਂਦੇ ਪਿੰਡ ਲੱਖਣ ਕੇ ਪੱਡਾ ਵਿਚ ਚੋਰੀ ਦੀ ਇਕ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਚੋਰ ਵੱਲੋਂ ਰਾਤ ਦੇ ਸਮੇਂ ਘਰ ਦਾ ਗੇਟ ਟੱਪ ਕੇ ਗੈਸ ਸਿਲੰਡਰ ਚੋਰੀ ਕਰ ਲਿਆ ਗਿਆ। ਇਹ ਪੂਰੀ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਚੱਕੀ ਵਾਲੇ, ਪੁੱਤਰ ਨੱਥਾ ਸਿੰਘ, ਵਾਸੀ ਪਿੰਡ ਲੱਖਣ ਕੇ ਪੱਡਾ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਉਹ ਪਰਿਵਾਰ ਸਮੇਤ ਸੌਂ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਨੂੰਹ ਨੇ ਘਰ ਦੇ ਮੁੱਖ ਗੇਟ ਕੋਲੋਂ ਜ਼ੋਰਦਾਰ ਆਵਾਜ਼ ਸੁਣੀ। ਸ਼ੱਕ ਹੋਣ ‘ਤੇ ਉਸਨੇ ਉੱਠ ਕੇ ਸੀਸੀਟੀਵੀ ਕੈਮਰੇ ਵਿਚ ਦੇਖਿਆ ਤਾਂ ਪਤਾ ਲੱਗਿਆ ਕਿ ਇਕ ਅਣਪਛਾਤਾ ਵਿਅਕਤੀ, ਜਿਸਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ, ਗੇਟ ਟੱਪ ਕੇ ਘਰ ਅੰਦਰੋਂ ਗੈਸ ਸਿਲੰਡਰ ਚੁੱਕ ਕੇ ਲੈ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਜਾਗ ਗਏ ਅਤੇ ਤੁਰੰਤ ਘਰ ਤੋਂ ਬਾਹਰ ਨਿਕਲ ਕੇ ਚੋਰ ਦੀ ਇਧਰ-ਉਧਰ ਭਾਲ ਕੀਤੀ, ਪਰ ਹਨੇਰੇ ਦਾ ਫਾਇਦਾ ਉਠਾ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ। ਪੀੜ੍ਹਤ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਅਣਪਛਾਤੇ ਚੋਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।