ਹਰੀਆਂ-ਭਰੀਆਂ ਦਰੱਖਤਾਂ ਦੀਆਂ ਟਾਹਣੀਆਂ ਦੀ ਹੋ ਰਹੀ ਕਟਾਈ
ਜੈਨਪੁਰ ਨੇੜਲੀ ਜੰਗਲ ’ਚ ਹਰੀਆਂ ਭਰੀਆਂ ਦਰੱਖਤਾਂ ਦੀਆਂ ਟਾਹਣੀਆਂ ਦੀ ਕਟਾਈ, ਜੰਗਲਾਤ ਵਿਭਾਗ ਕੁੰਭਕਰਨੀ ਨੀਂਦੇ ਸੁੱਤਾ
Publish Date: Thu, 11 Dec 2025 10:51 PM (IST)
Updated Date: Fri, 12 Dec 2025 04:18 AM (IST)

ਜੰਗਲਾਤ ਵਿਭਾਗ ਕੁੰਭਕਰਨੀ ਨੀਂਦੇ ਸੁੱਤਾ ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਪਿੰਡ ਜੈਨ ਪੁਰ ਨੇੜਲੇ ਜੰਗਲਾਤ ਵਿਭਾਗ ਦੇ ਜੰਗਲਾਂ ਵਿੱਚ ਸਰਦੀਆਂ ਦੇ ਮੌਸਮ ਦੇ ਆਉਣ ਨਾਲ ਹੀ ਚੌਕਾਉਣ ਵਾਲੀ ਤਸਵੀਰ ਸਾਹਮਣੇ ਆ ਰਹੀ ਹੈ। ਪਰਵਾਸੀ ਮਜ਼ਦੂਰ ਵਲੋ ਅਧਿਕਾਰੀਆਂ ਦੀ ਕਥਿੱਤ ਨਾਲ ਰੋਜ਼ਾਨਾ ਸਵੇਰੇ ਸਵੇਰੇ, ਦੁਪਹਿਰ ਵੇਲੇ ਜਾਂ ਫਿਰ ਸ਼ਾਮ ਵੇਲੇ ਘਰੇਲੂ ਕੰਮਕਾਜ਼ ਰੋਟੀ ਟੁੱਕ ਬਣਾਉਣ ਤੋਂ ਲੈ ਕੇ ਹੋਰ ਲੋੜੀਂਦੇ ਕੰਮਾਂ ਲਈ ਮੋਟਰਸਾਈਕਲ ਜੁਗਾੜੂ ਰੇਹੜੀਆਂ ’ਤੇ ਦਰੱਖਤਾਂ ਦੀਆਂ ਹਰੀਆਂ-ਭਰੀਆਂ ਟਾਹਣੀਆਂ ਚੋਰੀ-ਛਿਪੇ ਕੱਟ ਕੇ ਲਿਜਾ ਰਹੇ ਹਨ। ਇਥੇ ਇਹ ਵੀ ਜਿਕਰਯੋਗ ਗੱਲ ਅਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੰਗਲਾਤ ਵਿਭਾਗ ਐਨਾ ਕੁਝ ਹੋਣ ਦੇ ਬਾਵਜੂਦ ਵੀ ਚੁੱਪ ਕਿਉਂ ਹੈ। ਕੀ ਇਹ ਸਭ ਮਿਲੀਭੁਗਤ ਹੈ ਜਾਂ ਫਿਰ ਵਿਭਾਗ ਦੀ ਅਣਗਹਿਲੀ। ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਜੰਗਲਾਂ ਦੀ ਨਿਰੰਤਰ ਹਾਨੀ ਨਾਲ ਨਾ ਸਿਰਫ਼ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ ਹੈ, ਸਗੋਂ ਸਥਾਨਕ ਵਾਸੀਆਂ ਵਿੱਚ ਵੀ ਭਾਰੀ ਰੋਸ ਪੈਦਾ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਜੰਗਲ ਖਾਲੀ ਹੋਣ ਦੀ ਕਗਾਰ ’ਤੇ ਪਹੁੰਚ ਸਕਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਆਕਸੀਜ਼ਨ ਦੀ ਭਾਰੀ ਕਮੀ ਆ ਸਕਦੀ ਹੈ। ਲੋਕਾਂ ਦੀ ਮੰਗ ਹੈ ਕਿ ਜੰਗਲਾਤ ਵਿਭਾਗ ਤੁਰੰਤ ਕਾਰਵਾਈ ਕਰੇ। ਉਹਨਾਂ ਸਵਾਲ ਕੀਤਾ ਕਿ ਜੰਗਲਾਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਆਖਰ ਹੈ ਕੌਣ। ਉਹਨਾਂ ਕਿਹਾ ਕਿ ਮੋਨੀਟਰਿੰਗ ਵਧਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਮਨਜਿੰਦਰ ਸਿੰਘ ਗਾਰਡ ਸੁਲਤਾਨਪੁਰ ਲੋਧੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਇਹਨਾਂ ਮੋਟਰਸਾਇਕਲ ਜੁਗਾੜੂ ਰੇਹੜੀਆਂ ਨੂੰ ਲੱਕੜਾਂ ਕੱਟਣ ਤੋਂ ਰੋਕਿਆ ਗਿਆ ਹੈ ਪਰ ਚੋਰੀ ਛਿਪੇ ਇਹ ਲੋਕ ਫਿਰ ਆ ਜਾਂਦੇ ਹਨ।