ਸੀ.ਪੀ.ਆਈ.(ਐੱਮ ਐੱਲ) ਨਿਊ ਡੈਮੋਕ੍ਰੇਸੀ ਨੇ ਅਮਰੀਕੀ ਸਾਮਰਾਜ ਵਲੋਂ ਵੈਨਜੂਏਲਾ ਉੱਪਰ ਕੀਤੇ ਹਮਲੇ ਦੇ ਵਿਰੋਧ ਕੀਤਾ ਪ੍ਰਦਰਸ਼ਨ

ਅਮਰੀਕੀ ਸਾਮਰਾਜ ਵੱਲੋਂ ਵੈਨਜ਼ੁਏਲਾ ਉੱਪਰ ਕੀਤੇ ਹਮਲੇ ਦਾ ਕੀਤਾ ਵਿਰੋਧ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਦੇ ਸੂਬਾਈ ਸੱਦੇ ਤਹਿਤ ਪਾਰਟੀ ਵੱਲੋਂ ਕਪੂਰਥਲਾ ਦੇ ਸ਼ਾਲਾਮਾਰ ਬਾਗ ਵਿਖੇ ਇੱਕਠੇ ਹੋ ਕੇ ਸ਼ਹਿਰ ਵਿਚ ਰੋਸ ਮੁਜ਼ਾਹਰਾ ਕਰਦਿਆਂ ਟਰੰਪ ਦੀ ਕਾਰਵਾਈ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਮਰੀਕੀ ਸਾਮਰਾਜ ਵੱਲੋਂ ਵੈਨਜ਼ੁਏਲਾ ਉੱਪਰ ਕੀਤੇ ਧਾੜਵੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਅਤੇ ਅਮਰਜੀਤ ਸਿੰਘ ਜਵਾਲਾਪੁਰ ਨੇ ਕਿਹਾ ਕਿ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਉਨ੍ਹਾਂ ਦੀ ਪਤਨੀ ਸਮੇਤ ਹੋਰ ਸ਼ਹਿਰੀਆਂ ਨੂੰ ਫੜ ਕੇ ਅਮਰੀਕਾ ਲਿਜਾਣਾ ਨਿਰੀ ਵਹਿਸ਼ੀ ਅਤੇ ਧਾੜਵੀ ਕਾਰਵਾਈ ਹੈ। ਮਾਦੁਰੋ ਉੱਪਰ ਨਸ਼ੀਲੇ ਪਦਾਰਥ ਅਤੇ ਦਹਿਸ਼ਤਗਰਦੀ ਫੈਲਾਉਣ ਦੇ ਕਈ ਇਲਜ਼ਾਮ ਲਾ ਕੇ ਇਹ ਧਾੜਵੀ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਰਾਕ ਉੱਪਰ ਵੀ ਜਨਤਕ ਤਬਾਹੀ ਦੇ ਹਥਿਆਰ ਰੱਖਣ ਦੇ ਝੂਠੇ ਇਲਜ਼ਾਮ ਲਾ ਕੇ ਹਮਲਾ ਕੀਤਾ ਗਿਆ ਸੀ। ਟਰੰਪ ਪ੍ਰਸਾਸ਼ਨ ਦਾ ਅਸਲ ਮਕਸਦ ਉਥੇ ਸੱਤਾ ਤਬਦੀਲੀ ਕਰਕੇ ਆਪਣੇ ਹਮਾਇਤੀਆਂ ਰਾਹੀਂ ਕਬਜ਼ਾ ਕਰਕੇ ਆਪਣੇ ਸਾਮਰਾਜੀ ਹਿੱਤਾਂ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਸ਼ਾਂਤੀ ਸਥਾਪਤ ਕਰਕੇ ਆਪਣੇ ਲਈ ਸ਼ਾਂਤੀ ਪੁਰਸਕਾਰ ਦੀ ਦਾਅਵੇਦਾਰੀ ਜਤਾਉਣ ਵਾਲਾ ਟਰੰਪ ਵੈਨਜ਼ੁਏਲਾ ਖਿਲਾਫ਼ ਐਲਾਨੀਆ ਜੰਗ ਛੇੜ ਰਿਹਾ ਹੈ। ਟਰੰਪ ਦੀ ਇਹ ਕਾਰਵਾਈ ਲਾਤੀਨੀ ਅਮਰੀਕਾ ਦੇ ਅਮਰੀਕਨ ਸਾਮਰਾਜ ਵਿਰੋਧੀ ਸ਼ਕਤੀਆਂ ਨੂੰ ਦਬਾਉਣਾ ਵੀ ਹੈ। ਇਹ ਕਾਰਵਾਈ ਦੂਜੇ ਦੇਸ਼ਾਂ ਦੀ ਇਲਾਕਾਈ ਅਖੰਡਤਾ, ਪ੍ਰਭੂਸੱਤਾ ਤੇ ਵਿਕਾਸ ਦਾ ਆਪਣਾ ਰਾਹ ਬਣਾਉਣ ਦੇ ਅਧਿਕਾਰ ਦੀ ਘੋਰ ਉਲੰਘਣਾ ਕਰਕੇ ਅਮਰੀਕੀ ਸਾਮਰਾਜ ਕੌਮਾਂਤਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਅੰਦਰੂਨੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਟਰੰਪ ਪ੍ਰਸਾਸ਼ਨ ਦੂਜੇ ਦੇਸ਼ਾਂ ਉੱਪਰ ਹਮਲਾ ਕਰਕੇ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਅਤੇ ਇਕ ਧਰੁਵੀ ਸੰਸਾਰ ਬਣਾਉਣ ਦਾ ਭਰਮ ਪਾਲ ਰਿਹਾ ਹੈ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ। ਅਮਰੀਕੀ ਸਾਮਰਾਜ ਦੀਆਂ ਇਹ ਕਾਰਵਾਈਆਂ ਸਮੁੱਚੇ ਸੰਸਾਰ ਦੇ ਦੇਸ਼ਾਂ ਦੀ ਪ੍ਰਭੂਸੱਤਾ, ਕੁਦਰਤੀ ਸੋਮਿਆਂ ਅਤੇ ਸ਼ਾਂਤੀ ਲਈ ਖਤਰਾ ਪੈਦਾ ਕਰਦੀਆਂ ਹਨ। ਸੂਬਾ ਕਮੇਟੀ ਸਾਰੀਆਂ ਅਗਾਂਹਵਧੂ, ਜਮਹੂਰੀ, ਸ਼ਾਂਤੀ ਪਸੰਦ ਅਤੇ ਸਾਮਰਾਜ ਵਿਰੋਧੀ ਸ਼ਕਤੀਆਂ ਨੂੰ ਇਸ ਹਮਲੇ ਦੀ ਨਿਖੇਧੀ ਅਤੇ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੰਦੀ ਹੈ। ਇਸ ਮੌਕੇ ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮੰਲ, ਲੁਭਾਇਆ ਸਿੰਘ, ਸੁਰਿੰਦਰ ਸਿੰਘ ਗ਼ਦਰੀ, ਕੁਲਵਿੰਦਰ ਸਿੰਘ, ਰਣਜੀਤ ਦੇਸਲ, ਕਰਮ ਸਿੰਘ, ਕਸ਼ਮੀਰ ਸਿੰਘ, ਹੰਸਾਂ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।