ਪਿੰਡ ਸ਼ਾਹਜਹਾਨਪੁਰ ਵਿਖੇ ਗੋਲੀਆਂ ਚਲਾਉਣ ਵਾਲੇ ਦੇਸੀ ਪਿਸਟਲ ਸਮੇਤ ਗ੍ਰਿਫਤਾਰ

ਸੁਖਪਾਲ ਸਿੰਘ ਹੁੰਦਲ, ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਕਪੂਰਥਲਾ/ਸੁਲਤਾਨਪੁਰ ਲੋਧੀ : ਅੱਜ ਗੌਰਵ ਤੂਰਾ ਆਈਪੀਐੱਸ, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਨਵੰਬਰ ਨੂੰ ਹਰਜਿੰਦਰ ਸਿੰਘ ਪੁੱਤਰ ਮੱਸਾ ਰਾਮ ਵਾਸੀ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ ’ਤੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਗਏ ਸਨ, ਜਿਸ ਸਬੰਧੀ ਮੁਕੱਦਮਾ ਨੰਬਰ 270 ਮਿਤੀ 02.11.2025 ਅ/ਧ 109 ਬੀਐੱਨਐੱਸ, 25 ਅਸਲਾ ਐਕਟ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਪ੍ਰਭਜੋਤ ਸਿੰਘ ਵਿਰਕ, ਪੀਪੀਐੱਸ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ, ਪਰਮਿੰਦਰ ਸਿੰਘ ਮੰਡ, ਪੀਪੀਐੱਸ ਉਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ, ਧਰਿੰਦਰ ਵਰਮਾ, ਆਈਪੀਐੱਸ ਏਐੱਸਪੀ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਐੱਸਆਈ ਰਮਨ ਕੁਮਾਰ ਇੰਚਾਰਜ ਸੀਆਈਏ ਕਪੂਰਥਲਾ ਅਤੇ ਇੰਸਪੈਕਟਰ ਸੋਨਮਦੀਪ ਕੌਰ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਹਿਊਮਨ ਅਤੇ ਟੈਕਨੀਕਲ ਸੋਰਸਾਂ ਰਾਹੀਂ ਇਸ ਵਾਰਦਾਤ ਦੀ ਰੇਕੀ ਕਰਨ ਵਾਲੇ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਰੇਸ਼ਮ ਵਾਸੀ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕੀਤਾ।
ਇਸ ਟੀਮ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਸ਼ੂਟਰ ਅਜੇ ਕੁਮਾਰ ਉਰਫ ਬਿੱਲਾ ਪੁੱਤਰ ਸੰਤੋਖ ਸਿੰਘ ਉਰਫ ਗੋਸ਼ਾ ਵਾਸੀ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਦੇਸੀ ਪਿਸਟਲ 30 ਬੋਰ ਬਰਾਮਦ ਕੀਤਾ। ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਹੁਣ ਤੱਕ ਇਸ ਮੁਕੱਦਮੇ ਵਿਚ 12 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 8 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਅਤੇ 4 ਗ੍ਰਿਫਤਾਰ ਕੀਤੇ ਜਾਣੇ ਬਾਕੀ ਹਨ। ਹੁਣ ਤੱਕ ਕੀਤੀ ਗਈ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਨੂੰ ਵਿਦੇਸ਼ ਵਿਚ ਬੈਠੇ ਜਗਦੀਪ ਸਿੰਘ ਉਰਫ ਜੱਗਾ ਫੂਕੀਵਾਲ ਪੁੱਤਰ ਨਿਰਮਲ ਸਿੰਘ ਵਾਸੀ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ ਵੱਲੋਂ ਆਪਣੇ ਸਾਥੀਆਂ ਰਾਹੀਂ ਅੰਜਾਮ ਦਿੱਤਾ ਗਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵਿਚ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਰੇਸ਼ਮ, ਅਜੇ ਕੁਮਾਰ ਉਰਫ ਬਿੱਲਾ ਪੁੱਤਰ ਸੰਤੋਖ ਸਿੰਘ ਉਰਫ ਗੋਸ਼ਾ ਦੋਵੇਂ ਵਾਸੀ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ, ਹਰਵਿੰਦਰ ਸਿੰਘ ਉਰਫ ਬਬਲਾ ਪੁੱਤਰ ਹਰਬੰਸ ਸਿੰਘ, ਤੀਰਥ ਸਿੰਘ ਉਰਫ ਡੌਨ ਪੁੱਤਰ ਅਵਤਾਰ ਸਿੰਘ ਦੋਵੇਂ ਵਾਸੀ ਤਲਵੰਡੀ ਮਹਿਮਾ ਥਾਣਾ ਸ਼ਾਹਕੋਟ ਜਿਲਾ ਜਲੰਧਰ, ਕਰਨ ਕੁਮਾਰ ਉਰਫ ਗੋਲਡੀ ਪੁੱਤਰ ਬਲਬੀਰ ਸਿੰਘ ਵਾਸੀ ਜੱਥੇਵਾਲ ਥਾਣਾ ਸੁਲਤਾਨਪੁਰ ਲੋਧੀ, ਬਲਜੀਤ ਸਿੰਘ ਉਰਫ ਬੌਬੀ ਪੁੱਤਰ ਬਲਵਿੰਦਰ ਸਿੰਘ, ਜਸ਼ਨਦੀਪ ਸਿੰਘ ਉਰਫ ਬੱਲੂ ਪੁੱਤਰ ਬਲਵਿੰਦਰ ਸਿੰਘ ਦੋਵੇਂ ਵਾਸੀ ਭਾਣੋਲੰਗਾ ਥਾਣਾ ਸਦਰ ਕਪੂਰਥਲਾ, ਗੁਲਸ਼ਨ ਕੁਮਾਰ ਪੁੱਤਰ ਸੰਤੋਖ ਸਿੰਘ ਉਰਫ ਗੋਸ਼ਾ ਵਾਸੀ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ ਹਨ।
ਕੈਪਸ਼ਨ : 17ਕੇਪੀਟੀ30