ਜਿਹੜਾ ਨਿਗਮ ਸਟਰੀਟ ਲਾਈਟਾਂ ਨਹੀਂ ਲਗਵਾ ਸਕਦਾ, ਵਿਕਾਸ ਕੀ ਕਰਵਾਏਗਾ : ਵਾਲੀਆ
ਖਰਾਬ ਸਟਰੀਟ ਲਾਈਟਾਂ ਦੇ ਚਲਦਿਆਂ ਕੌਂਸਲਰ ਬੰਟੀ ਵਾਲੀਆ ਨੇ ਨਗਰ ਨਿਗਮ ਦੀ ਕਾਰਗੁਜਾਰੀ ‘ਤੇ ਚੁੱਕੇ ਸਵਾਲ
Publish Date: Fri, 30 Jan 2026 07:27 PM (IST)
Updated Date: Fri, 30 Jan 2026 07:28 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬਲਾਕ ਕਾਂਗਰਸ ਫਗਵਾੜਾ (ਸ਼ਹਿਰੀ) ਦੇ ਪ੍ਰਧਾਨ ਤੇ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਫਗਵਾੜਾ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਵਿਅੰਗ ਕਰਦਿਆਂ ਅੱਜ ਕਿਹਾ ਕਿ ਜਨਤਾ ਉਸ ਨਿਗਮ ਤੋਂ ਵਿਕਾਸ ਦੀ ਉਮੀਦ ਕਿਵੇਂ ਕਰ ਸਕਦੀ ਹੈ, ਜਿਸਨੇ ਮਹੀਨਿਆਂ ਤੋਂ ਖਰਾਬ ਪਈਆਂ ਸਟਰੀਟ ਲਾਈਟਾਂ ਨੂੰ ਵੀ ਠੀਕ ਨਹੀਂ ਕੀਤਾ ਹੈ। ਬੰਟੀ ਵਾਲੀਆ ਨੇ ਦੱਸਿਆ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਖਰਾਬ ਸਟਰੀਟ ਲਾਈਟਾਂ ਕਾਰਨ ਸੂਰਜ ਡੁੱਬਦਿਆਂ ਹੀ ਭਿਆਨਕ ਹਨੇਰਾ ਛਾ ਜਾਂਦਾ ਹੈ। ਲੋਕ ਪੰਜਾਬ ਸਰਕਾਰ ਦੀ ਐੱਮ-ਸੇਵਾ ਐਪ ਰਾਹੀਂ ਸ਼ਿਕਾਇਤਾਂ ਦਰਜ ਕਰਵਾ ਕੇ ਥੱਕ ਗਏ ਹਨ। ਸ਼ਹਿਰ ਦੀ ਪੌਸ਼ ਕਲੋਨੀ ਮਾਡਲ ਟਾਊਨ ਦੇ ਵਸਨੀਕ, ਨਗਰ ਨਿਗਮ ਨੂੰ ਭਾਰੀ ਟੈਕਸ ਅਦਾ ਕਰਦੇ ਹਨ, ਫਿਰ ਵੀ ਉਹ ਨਿਗਮ ਦੀ ਮਾੜੀ ਕਾਰਗੁਜ਼ਾਰੀ ਦਾ ਸ਼ਿਕਾਰ ਹੋਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਲੋਕ ਤਿਉਹਾਰਾਂ ਦੌਰਾਨ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ 1 ਫਰਵਰੀ ਨੂੰ ਹੈ ਤੇ ਉਸ ਤੋਂ ਬਾਅਦ 15 ਫਰਵਰੀ ਨੂੰ ਮਹਾਸ਼ਿਵਰਾਤਰੀ ਮਨਾਈ ਜਾਣੀ ਹੈ। ਲੋਕਾਂ ਨੂੰ ਰਾਤ ਦੇ ਘੁੱਪ ਹਨੇਰੇ ਵਿਚ ਟੁੱਟੀਆਂ ਸੜਕਾਂ ’ਤੇ ਰੱਬ ਭਰੋਸੇ ਲੰਘਣ ਲਈ ਮਜਬੂਰ ਹੋਣਾ ਪਵੇਗਾ। ਕਾਂਗਰਸੀ ਕੌਂਸਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਲਗਾਤਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਭਗਵੰਤ ਮਾਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਝੂਠੇ ਵਾਅਦੇ ਕਰਨ ਤੇ ਅਜਿਹੀਆਂ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ ਜੋ ਕਦੇ ਲਾਗੂ ਨਹੀਂ ਹੋਣਗੀਆਂ। ਲੋਕ ਇਸ ਸਰਕਾਰ ਦੀ ਵਿਰੋਧੀ ਧਿਰ ਦੀਆਂ ਆਵਾਜਾਂ ਨੂੰ ਦਬਾਉਣ, ਡਰਾਉਣ ਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਸੂਬਾ ਸਰਕਾਰ ਦਾ ਕਾਰਪੋਰੇਸ਼ਨਾਂ ’ਤੇ ਕੋਈ ਕੰਟਰੋਲ ਨਹੀਂ ਹੈ। ਸੱਤਾਧਾਰੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਤੇ ਵਿਭਾਗਾਂ ਦੇ ਅਧਿਕਾਰੀ ਲੋਕ ਭਲਾਈ ਭੁੱਲ ਕੇ ਤਾਨਾਸ਼ਾਹੀ ਕਰ ਰਹੇ ਹਨ, ਜਿਸ ਨਾਲ ਜਨਤਾ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਫਗਵਾੜਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਹੋਣ ਵਾਲੀ ਕਿਸੇ ਵੀ ਚੋਣ ਵਿਚ ਉਹ ‘ਆਪ’ ਨੂੰ ਬਿਲਕੁਲ ਮੂੰਹ ਨਾ ਲਗਾਇਆ ਜਾਵੇ।