ਚਾਈਨਾ ਡੋਰ ਵੇਚਣ, ਖਰੀਦਣ, ਸਟੋਰ ਕਰਨ ਤੇ ਵਰਤੋਂ ‘ਤੇ ਮੁਕੰਮਲ ਪਾਬੰਦੀ
ਚਾਈਨਾ ਡੋਰ ਵੇਚਣ, ਖਰੀਦਣ, ਸਟੋਰ ਕਰਨ ਤੇ ਵਰਤੋਂ‘ਤੇ ਮੁਕੰਮਲ ਪਾਬੰਦੀ
Publish Date: Tue, 02 Dec 2025 09:13 PM (IST)
Updated Date: Tue, 02 Dec 2025 09:14 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲ਼ਾ : ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਪਤੰਗਾਂ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਨਾਈਲੋਨ ਦੀ ਬਣੀ ਡੋਰ/ਚਾਈਨਾ ਡੋਰ ਅਤੇ ਸਿੰਥੈਟਿਕ ਮਾਂਜਾ ਲੱਗੀ ਡੋਰ ਨੂੰ ਵੇਚਣ, ਖਰੀਦਣ, ਸਟੋਰ ਕਰਨ ਅਤੇ ਇਸਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 31 ਜਨਵਰੀ 2026 ਤੱਕ ਲਾਗੂ ਰਹਿਣਗੇ। ਹੁਕਮਾਂ ਅਨੁਸਾਰ ਸੀਨੀਅਰ ਪੁਲਿਸ ਕਪਤਾਨ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਏ ਜਾਣ ਨੂੰ ਯਕੀਨੀ ਬਣਾਉਣਗੇ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅੱਜ-ਕੱਲ੍ਹ ਪਤੰਗ/ਗੁੱਡੀਆਂ ਉਡਾਉਣ ਲਈ ਲੋਕਾਂ ਵੱਲੋਂ ਚਾਈਨਾ ਡੋਰ ਦੀ ਵਰਤੋਂ ਕਾਫ਼ੀ ਮਾਤਰ ਵਿਚ ਕੀਤੀ ਜਾਂਦੀ ਹੈ। ਚਾਈਨਾ ਡੋਰ ਸੂਤੀ ਧਾਗੇ ਤੋਂ ਹੱਟ ਕੇ ਪਲਾਸਟਿਕ ਦੀ ਬਣੀ ਹੁੰਦੀ ਹੈ, ਜੋ ਕਾਫੀ ਮਜ਼ਬੂਤ ਹੁੰਦੀ ਹੈ, ਜਿਸ ਦੇ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟਣ, ਸਾਈਕਲ ਤੇ ਸਕੂਟਰ ਚਾਲਕਾਂ ਦੇ ਗਲੇ ਅਤੇ ਕੰਨ ਕੱਟਣ ਆਦਿ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਹ ਡੋਰ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਸ ਲਈ ਇਸ ਕਾਰਵਾਈ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਦੀ ਫੌਰੀ ਜ਼ਰੂਰਤ ਹੈ।