ਅਗਲੇ ਦਿਨਾਂ ’ਚ ਵਧੇਗੀ ਠੰਡ; ਬੱਚਿਆਂ ਦੀ ਕਰੋ ਖਾਸ ਦੇਖਭਾਲ
ਅਗਲੇ ਦਿਨਾਂ ਵਿੱਚ ਵਧੇਗੀ ਠੰਡ – ਬੱਚਿਆਂ ਦੇ ਮਾਹਿਰ ਡਾਕਟਰ ਨੇ ਦਿੱਤੀ ਰਾਏ
Publish Date: Mon, 24 Nov 2025 09:28 PM (IST)
Updated Date: Mon, 24 Nov 2025 09:31 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਠੰਢ ਹੋਰ ਵਧਣ ਦੀ ਸੰਭਾਵਨਾ ਜਤਾਈ ਗਈ ਹੈ। ਦਿਨ ਦੌਰਾਨ ਹਾਲਾਂਕਿ ਹਲਕੀ ਧੁੱਪ ਵੀ ਰਹੇਗੀ ਪਰ ਸਵੇਰ ਅਤੇ ਰਾਤ ਦੇ ਸਮੇਂ ਤਾਪਮਾਨ ਵਿਚ ਖਾਸ ਗਿਰਾਵਟ ਦਰਜ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਅਗਲੇ ਕੁਝ ਦਿਨਾਂ ਦੌਰਾਨ ਦਿਨ ਦਾ ਤਾਪਮਾਨ 24 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ, ਜਦਕਿ ਰਾਤ ਅਤੇ ਸਵੇਰ ਦੇ ਵੇਲੇ ਪਾਰਾ ਘਟ ਕੇ 6 ਤੋਂ 10 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ। ਨਵੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਹਵਾਵਾਂ ਵਿਚ ਨਮੀ ਅਤੇ ਧੁੰਦ ਵਧਣ ਕਾਰਨ ਹੇਜ਼ੀ ਦੀ ਸਥਿਤੀ ਵੀ ਬਣੀ ਰਹੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਮੇਂ ਹਵਾ ਦੀ ਗੁਣਵੱਤਾ ਵੀ ਕਾਫ਼ੀ ਹੇਠਲੇ ਪੱਧਰ ‘ਤੇ ਰਹੇਗੀ, ਜਿਸ ਕਾਰਨ ਸਵੇਰ ਵੇਲੇ ਯਾਤਰਾ ਕਰਨ ਵੇਲੇ ਸਾਵਧਾਨੀ ਦੀ ਲੋੜ ਹੈ। ਦਿਨ ਚੜ੍ਹਦੇ ਤਾਪਮਾਨ ਵਿਚ ਹਲਕਾ ਵਾਧਾ ਹੋਣ ਦੇ ਬਾਵਜੂਦ, ਠੰਡੀਆਂ ਹਵਾਵਾਂ ਕਾਰਨ ਜਨਤਾ ਨੂੰ ਗਰਮ ਕੱਪੜਿਆਂ ਦੀ ਲੋੜ ਜ਼ਿਆਦਾ ਮਹਿਸੂਸ ਹੋਵੇਗੀ। ਠੰਢ ਤੋਂ ਬਚਾਅ ਲਈ ਬੱਚਿਆਂ ਦੇ ਮਾਹਿਰ ਡਾਕਟਰ ਦੀ ਸਲਾਹ — ਸਰਦੀ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ ਅਤੇ ਪਿਛਲੇ ਕੁਝ ਦਿਨਾਂ ਵਿਚ ਤਾਪਮਾਨ ਵਧਣ ਕਾਰਨ ਬੱਚਿਆਂ ਵਿਚ ਖੰਘ, ਜ਼ੁਕਾਮ ਅਤੇ ਬੁਖਾਰ ਦੇ ਕੇਸ ਵਧ ਰਹੇ ਹਨ। ਇਸ ਨੂੰ ਦੇਖਦਿਆਂ ਬੱਚਿਆਂ ਦੇ ਮਾਹਿਰ ਡਾਕਟਰਾਂ ਨੇ ਮਾਪਿਆਂ ਨੂੰ ਸਾਵਧਾਨ ਰਹਿਣ ਅਤੇ ਬੱਚਿਆਂ ਦੀ ਖ਼ਾਸ ਦੇਖਭਾਲ ਕਰਨ ਦੀ ਅਪੀਲ ਕੀਤੀ ਹੈ। ਬੱਚਿਆਂ ਦੇ ਡਾਕਟਰ ਹਰਜੀਤ ਸਿੰਘ, ਸੁਲਤਾਨਪੁਰ ਲੋਧੀ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਵਿਚ ਬੱਚਿਆਂ ਦੀ ਰੋਗ-ਰੋਧਕ ਤਾਕਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਉਹ ਜ਼ੁਕਾਮ, ਖੰਘ ਤੇ ਹੋਰ ਇਨਫੈਕਸ਼ਨਾਂ ਦਾ ਸ਼ਿਕਾਰ ਜਲਦੀ ਹੋ ਜਾਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਗਰਮ ਰੱਖਣ ਦੇ ਨਾਲ ਸਹੀ ਆਹਾਰ ਅਤੇ ਸਾਫ਼-ਸੁਥਰਾਈ ’ਤੇ ਵਧੇਰੇ ਧਿਆਨ ਦੇਣ। ਡਾਕਟਰਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਵਿਚ ਬੱਚਿਆਂ ਦੀ ਜਾਂਚ ਵਿਚ ਦੇਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਛੋਟਾ ਜਿਹਾ ਇਨਫੈਕਸ਼ਨ ਵੀ ਕਈ ਵਾਰ ਨਿਮੋਨੀਆ ਦਾ ਰੂਪ ਧਾਰ ਸਕਦਾ ਹੈ। ਮੌਸਮੀ ਮਾਹਿਰਾਂ ਅਨੁਸਾਰ ਦਸੰਬਰ ਦੇ ਪਹਿਲੇ ਹਫ਼ਤੇ ਵਿਚ ਤਾਪਮਾਨ ਹੋਰ ਘਟਣ ਦੀ ਸੰਭਾਵਨਾ ਹੈ, ਜਿਸ ਨਾਲ ਰਾਤਾਂ ਹੋਰ ਵੀ ਠੰਢੀਆਂ ਹੋਣਗੀਆਂ। ਪੰਜਾਬ ਦੇ ਮੌਸਮੀ ਚੱਕਰ ਮੁਤਾਬਕ ਇਹ ਠੰਢ ਦਾ ਕੁਦਰਤੀ ਦੌਰ ਹੈ ਜੋ ਆਮ ਤੌਰ ‘ਤੇ ਜਨਵਰੀ ਤੱਕ ਆਪਣੇ ਸਿਖਰ ‘ਤੇ ਪਹੁੰਚਦਾ ਹੈ। ਬੱਚਿਆਂ ਲਈ ਮੁੱਖ ਸਲਾਹ 1. ਗਰਮ ਕਪੜੇ ਪਹਿਨਾਓ -ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਦਾ ਸਿਰ, ਕੰਨ ਅਤੇ ਪੈਰ ਠੰਡ ਲੱਗਣ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦੇ ਹਨ। ਇਸ ਲਈ ਟੋਪੀ, ਮਫ਼ਲਰ, ਜੁਰਾਬਾਂ ਅਤੇ ਦਸਤਾਨੇ ਲਾਜ਼ਮੀ ਪਵਾਏ ਜਾਣ। 2. ਲੇਅਰਿੰਗ ਤਰੀਕਾ ਸਭ ਤੋਂ ਵਧੀਆ -ਉਨ੍ਹਾਂ ਕਿਹਾ ਕਿ ਇਕ ਮੋਟਾ ਕੱਪੜਾ ਪਵਾਉਣ ਦੀ ਬਜਾਏ 2–3 ਹਲਕੀਆਂ ਪਰਤਾਂ ਵਾਲੇ ਕੱਪੜੇ ਬੱਚਿਆਂ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ। 3. ਗਰਮ ਅਤੇ ਪੋਸ਼ਟਿਕ ਭੋਜਨ -ਸੂਪ, ਦਾਲਾਂ, ਦੁੱਧ, ਖੀਰ, ਕੋਸਾ ਪਾਣੀ ਆਦਿ ਬੱਚਿਆਂ ਦੇ ਸਰੀਰ ਨੂੰ ਅੰਦਰੋਂ ਗਰਮ ਰੱਖਦੇ ਹਨ। ਬੱਚਿਆਂ ਨੂੰ ਕੋਲਡ ਡਰਿੰਕਸ ਤੇ ਜੰਕ ਫੂਡ ਤੋਂ ਦੂਰ ਰੱਖਣਾ ਚਾਹੀਦਾ ਹੈ। 4. ਬਾਹਰ ਜਾਣ ਵੇਲੇ ਚਿਹਰਾ ਕਵਰ ਕਰੋ -ਸਵੇਰੇ ਅਤੇ ਸ਼ਾਮ ਦੇ ਸਮੇਂ ਠੰਢੀਆਂ ਹਵਾਵਾਂ ਤੋਂ ਬੱਚਿਆਂ ਨੂੰ ਬਚਾਓ। ਟਿਊਸ਼ਨ ਜਾਂ ਸਕੂਲ ਜਾਂਦੇ ਸਮੇਂ ਚਿਹਰੇ ਨੂੰ ਕਵਰ ਰੱਖਣਾ ਲਾਜ਼ਮੀ ਹੈ। 5. ਨਹਾਉਣ ਸਮੇਂ ਸਾਵਧਾਨੀ -ਵਧੇਰੇ ਗਰਮ ਪਾਣੀ ਨਾਲ ਨਹਾਉਣ ਕਰਕੇ ਚਮੜੀ ਸੁੱਕਣ ਅਤੇ ਬਿਮਾਰੀ ਵਧਣ ਦੀ ਸੰਭਾਵਨਾ ਰਹਿੰਦੀ ਹੈ। ਬੱਚੇ ਨੂੰ ਨਹਾਉਣ ਤੋਂ ਬਾਅਦ ਤੁਰੰਤ ਗਰਮ ਕੱਪੜੇ ਪਵਾਓ। 6. ਘਰ ਦਾ ਤਾਪਮਾਨ ਸੰਤੁਲਿਤ ਰੱਖੋ -ਬੱਚਿਆਂ ਨੂੰ ਹੀਟਰ ਦੇ ਬਹੁਤ ਨੇੜੇ ਬਿਠਾਉਣ ਤੋਂ ਪਰਹੇਜ਼ ਕਰੋ। ਹੀਟਰ ਨਾਲ ਕਮਰਾ ਬੰਦ ਨਾ ਰੱਖੋ, ਹਲਕੀ ਹਵਾ ਆਉਣ ਦਾ ਰਸਤਾ ਛੱਡੋ। 7. ਰੋਗ-ਰੋਧਕ ਤਾਕਤ ਵਧਾਓ -ਸੰਤਰਾ, ਕੀਵੀ, ਮੌਸਮੀ ਵਰਗੇ ਵਿਟਾਮਿਨ-ਸੀ ਦੇ ਸਰੋਤ ਬੱਚਿਆਂ ਨੂੰ ਦੇਣਾ ਲਾਭਦਾਇਕ ਹੁੰਦਾ ਹੈ। ਉਮਰ ਦੇ ਮੁਤਾਬਕ ਸੁੱਕੇ ਫਲ ਵੀ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ। 8. ਹੱਥ ਧੋਣ ਦੀ ਆਦਤ -ਠੰਡ ਦੇ ਮੌਸਮ ਵਿਚ ਵਾਇਰਲ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ। ਡਾ. ਹਰਜੀਤ ਸਿੰਘ ਨੇ ਮਾਪਿਆਂ ਨੂੰ ਬੱਚਿਆਂ ਵਿਚ ਹੱਥ ਧੋਣ ਦੀ ਰੋਜ਼ਾਨਾ ਆਦਤ ਪੈਦਾ ਕਰਨ ’ਤੇ ਜ਼ੋਰ ਦਿੱਤਾ ਹੈ। ਬੱਚੇ ਵਿਚ ਇਹ ਲੱਛਣ ਆਉਣ ਤੇ ਤੁਰੰਤ ਡਾਕਟਰ ਨੂੰ ਦਿਖਾਓ *3–4 ਦਿਨ ਤੋਂ ਵੱਧ ਖੰਘ-ਜ਼ੁਕਾਮ *ਤੇਜ਼ ਬੁਖਾਰ *ਸਾਹ ਲੈਣ ਵਿਚ ਦਿੱਕਤ *ਛਾਤੀ ਵਿਚ ਵੱਜਣ ਦੀ ਆਵਾਜ਼ *ਬੱਚਾ ਢਿੱਲਾ ਅਤੇ ਕਮਜ਼ੋਰ ਦਿਖਾਈ ਦੇਵੇ ਬਾਲਗਾਂ ਲਈ ਸਰਦੀਆਂ ਤੋਂ ਬਚਣ ਲਈ ਸਲਾਹ *ਸਵੇਰ ਤੇ ਰਾਤ ਦੇ ਸਮੇਂ ਜੈਕਟ, ਸਵੈਟਰ, ਮਫ਼ਲਰ ਆਦਿ ਦੀ ਵਰਤੋ ਕਰੋ। *ਧੁੰਦ ਅਤੇ ਹਨੇਰੇ ਕਾਰਨ ਦਿੱਖ ਘੱਟ (ਧੁੰਦਲੀ) ਰਹੇਗੀ, ਇਸ ਲਈ ਯਾਤਰਾ ਕਰਨ ਵੇਲੇ ਸੰਭਾਲ ਬਹੁਤ ਜ਼ਰੂਰੀ ਹੈ। *ਹਵਾ ਵਿਚ ਪ੍ਰਦੂਸ਼ਣ ਵਧਣ ਕਾਰਨ ਮਾਸਕ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਰਹੇਗੀ। *ਸਵੇਰ ਵੇਲੇ ਗਰਮ ਪਾਣੀ ਪੀਣਾ ਸਿਹਤ ਲਈ ਬਹੁਤ ਚੰਗਾ ਮੰਨਿਆ ਗਿਆ ਹੈ। ਕੈਪਸ਼ਨ : 24ਕੇਪੀਟੀ4