ਇਕੋ ਵਪਾਰੀ ਦੇ ਸਾਲ ’ਚ 4 ਮੋਟਰਸਾਈਕਲ ਚੋਰੀ
ਇੱਕੋ ਵਪਾਰੀ ਦੇ 1 ਸਾਲ ਵਿੱਚ 4 ਮੋਟਰਸਾਈਕਲ ਚੋਰੀ ਹੋਣ ਤੇ ਸ਼ਹਿਰ ਨਿਵਾਸੀ ਖੌਫ਼ਜ਼ਦਾ
Publish Date: Sat, 20 Dec 2025 10:08 PM (IST)
Updated Date: Sat, 20 Dec 2025 10:10 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਚੋਰਾਂ ਤੇ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਚੋਰੀ ਤੇ ਲੁੱਟ ਦੀਆਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਨਾਲ ਸ਼ਹਿਰ ਵਾਸੀ ਬਹੁਤ ਖੌਫ਼ਜ਼ਦਾ ਹਨ। ਸ਼ਹਿਰ ਵਿਚ ਅੱਜ ਇਕ ਪ੍ਰਸਿੱਧ ਉਦਯੋਗਪਤੀ ਤੇ ਸਮਾਜ ਸੇਵੀ ਵਿਪਨ ਮੋਗਲਾ ਦਾ ਮੋਟਰਸਾਈਕਲ ਅੱਜ ਲੋਹੀਆਂ ਚੁੰਗੀ ਨਜ਼ਦੀਕ ਦਿਨਦਿਹਾੜੇ ਚੋਰੀ ਹੋ ਗਿਆ, ਜਿਸ ਦੀ ਸੀਸੀਟੀਵੀ ਵਿਚ ਬਕਾਇਦਾ ਫੁਟੇਜ ਵੀ ਹੈ। ਸਭ ਤੋਂ ਵੱਡੀ ਤੇ ਹੈਰਾਨੀ ਵਾਲੀ ਗੱਲ ਹੈ ਕਿ ਇਸ ਸਮਾਜ ਸੇਵੀ ਦਾ ਇਕ ਸਾਲ ਦੇ ਅੰਦਰ ਚੌਥਾ ਵਹੀਕਲ ਚੋਰੀ ਹੋ ਗਿਆ ਹੈ, ਜਿਸ ਦਾ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਕੋਈ ਵੀ ਅਤਾ-ਪਤਾ ਨਹੀਂ ਲਗਾ ਸਕੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਪਨ ਮੋਗਲਾ ਨੇ ਦੱਸਿਆ ਕਿ ਉਹ ਮੰਡੀ ਵਿਚ ਆੜਤ ਦਾ ਕੰਮ ਕਰਦਾ ਹੈ ਤੇ ਉਸ ਦਾ ਰਾਈਸ ਮਿਲ ਤੇ ਕੋਲਡ ਸਟੋਰ ਵੀ ਹੈ। ਉਨ੍ਹਾਂ ਦੱਸਿਆ ਕਿ ਉਨਾਂ ਦੀ ਦੁਕਾਨ ’ਤੇ ਕੰਮ ਕਰਦਾ ਇਕ ਮੁਲਾਜ਼ਮ ਅੱਜ ਦੁਪਹਿਰ ਨੂੰ ਮੋਟਰਸਾਈਕਲ ਪੀਬੀ41ਡੀ6158 ਐੱਚਐੱਫ ਡੀਲਕਸ ਲੋਹੀਆਂ ਚੁੰਗੀ ਨਜ਼ਦੀਕ ਕਿਸੇ ਕੰਮ ਲਈ ਗਿਆ ਤਾਂ ਮੋਟਰਸਾਈਕਲ ਨੂੰ ਬਾਹਰ ਖੜਾ ਕਰਕੇ ਅੰਦਰ ਦਫਤਰ ਚਲਾ ਗਿਆ। ਜਦੋਂ ਕਰੀਬ 10 ਮਿੰਟ ਬਾਅਦ ਉਹ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਮੋਟਰਸਾਈਕਲ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਇਕ ਸਾਲ ਦੇ ਅੰਦਰ ਉਸ ਦਾ ਇਹ ਚੌਥਾ ਵਹੀਕਲ ਚੋਰੀ ਹੋਇਆ ਹੈ। ਇਸ ਤੋਂ ਪਹਿਲਾਂ ਇਕ ਸਪਲੈਂਡਰ ਮੋਟਰਸਾਈਕਲ ਪੀਬੀ09ਏਡੀ 0649, ਐੱਚਐੱਫ ਡੀਲਕਸ ਨੰਬਰ ਪੀਬੀ09 ਏਜੇ049 ਤੇ ਇਕ ਐਕਟਿਵਾ ਪੀਬੀ41 ਡੀ 8049 ਚੋਰੀ ਹੋਏ ਹਨ, ਜਿਨਾਂ ਦੀ ਸਾਰੀ ਡਿਟੇਲ ਬਕਾਇਦਾ ਪੁਲਿਸ ਥਾਣੇ ਵਿਚ ਦਿੱਤੀ ਹੋਈ ਹੈ। ਉਨ੍ਹਾਂ ਐੱਸਐੱਸਪੀ ਕਪੂਰਥਲਾ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਚੋਰੀ ਮੋਟਰਸਾਈਕਲਾਂ ਦਾ ਤੁਰੰਤ ਚੋਰ ਸਮੇਤ ਪਤਾ ਲਗਾਇਆ ਜਾਵੇ ਤੇ ਮੈਨੂੰ ਮੇਰੇ ਮੋਟਰਸਾਈਕਲ ਵਾਪਸ ਦਿੱਤੇ ਜਾਣ। ਸ਼ਹਿਰ ਵਿਚ ਹੋ ਰਹੀ ਇਸ ਚੋਰੀ ਦੀ ਖੂਬ ਚਰਚਾ ਹੋ ਰਹੀ ਹੈ ਕਿਉਂਕਿ ਚੋਰਾਂ ਵੱਲੋਂ ਇਹ ਸਾਰੀਆਂ ਵਾਰਦਾਤਾਂ ਦਿਨ-ਦਿਹਾੜੇ ਕੀਤੀਆਂ ਜਾ ਰਹੀਆਂ ਹਨ। --ਚੋਰ ਅਤੇ ਲੁਟੇਰੇ ਕਿਸੇ ਵੀ ਕੀਮਤ ’ਤੇ ਬਖ਼ਸ਼ੇ ਨਹੀਂ ਜਾਣਗੇ : ਐੱਸਐੱਚਓ ਸੋਨਮਦੀਪ ਕੌਰ ਇਸ ਮਾਮਲੇ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੀ ਐੱਸਐੱਚਓ ਇੰਸਪੈਕਟਰ ਸੋਨਮਦੀਪ ਕੌਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਲਿਖਤੀ ਸ਼ਿਕਾਇਤ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਰੋਡ ’ਤੇ ਇਕ ਸਬਜ਼ੀ ਵਿਕਰੇਤਾ ਨੂੰ ਲੁੱਟਣ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਸੁਰਾਗ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਚਓ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਚੌਰਾਹਿਆਂ ’ਤੇ ਪੁਲਿਸ ਵੱਲੋਂ ਨਾਕਾਬੰਦੀ ਅਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ ਕਿ ਚੋਰ ਅਤੇ ਲੁਟੇਰੇ ਕਿਸੇ ਵੀ ਕੀਮਤ ’ਤੇ ਬਖ਼ਸ਼ੇ ਨਹੀਂ ਜਾਣਗੇ।