ਠੱਗ ਟਰੈਵਲ ਏਜੰਟ ਤੇ 2 ਪੁੱਤਰਾਂ ਖਿਲਾਫ ਕੇਸ ਦਰਜ
ਮਾਮਲਾ ਨੌਜਵਾਨ ਗੁਰਪ੍ਰੀਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 10 ਲੱਖ ਰੁਪਏ
Publish Date: Mon, 24 Nov 2025 09:41 PM (IST)
Updated Date: Mon, 24 Nov 2025 09:43 PM (IST)

ਮਾਮਲਾ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਠੱਗਣ ਦਾ ਨੌਜਵਾਨ ਨੇ ਦੁਖੀ ਹੋ ਕੇ ਕੀਤੀ ਸੀ ਖੁਦਕੁਸ਼ੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਟਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 10 ਲੱਖ ਰੁਪਏ ਵਾਪਸ ਨਾ ਮੋੜਨ ਅਤੇ ਵਿਦੇਸ਼ ਨਾ ਭੇਜਣ ਤੋਂ ਪ੍ਰੇਸ਼ਾਨ ਪਿੰਡ ਕਰਮਜੀਤਪੁਰ ਦੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਖੁਦਕੁਸ਼ੀ ਕਰਨ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਏਜੰਟ ਨਛੱਤਰ ਸਿੰਘ ਅਤੇ ਉਸ ਦੇ 2 ਪੁੱਤਰਾਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਏਐੱਸਪੀ ਧੀਰੇਂਦਰ ਵਰਮਾ ਨੇ ਦੱਸਿਆ ਕਿ ਪੁਲਿਸ ਨੂੰ ਮ੍ਰਿਤਕ ਨੌਜਵਾਨ ਦੇ ਦਾਦਾ ਚਰਨਾ ਪੁੱਤਰ ਸਵਰਗੀ ਜਾਨਾ ਵਾਸੀ ਕਰਮਜੀਤਪੁਰ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਸਦੇ 2 ਪੁੱਤਰ ਹਨ ਤੇ ਵੱਡੇ ਪੁੱਤਰ ਬੂਟਾ ਸਿੰਘ ਦੇ 2 ਲੜਕੇ ਹਨ, ਜਿਸ ਦੀ ਪਤਨੀ ਦੀ ਮੌਤ ਤੋਂ ਬਾਅਦ ਉਸਦੇ ਦੋਵੇਂ ਪੁੱਤਰ ਹਰਦੇਵ ਕੁਮਾਰ ਤੇ ਗੁਰਪ੍ਰੀਤ ਸਿੰਘ ਉਸ ਦੇ ਕੋਲ ਹੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਘਰ ਦੀ ਹਾਲਤ ਜ਼ਿਆਦਾ ਠੀਕ ਨਾ ਹੋਣ ਕਾਰਨ ਗੁਰਪ੍ਰੀਤ ਸਿੰਘ ਵਿਦੇਸ਼ ਜਾ ਕੇ ਪੈਸਾ ਕਮਾਉਣਾ ਚਾਹੁੰਦਾ ਸੀ, ਜਿਸ ਦੌਰਾਨ ਡਡਵਿੰਡੀ ਅੱਡੇ ’ਤੇ ਇਕ ਡਾਕਟਰ ਨਛੱਤਰ ਸਿੰਘ, ਜੋ ਗੈਰ-ਕਾਨੂੰਨੀ ਤੌਰ ’ਤੇ ਏਜੰਟੀ ਦਾ ਵੀ ਕੰਮ ਕਰਦਾ ਹੈ, ਉਸ ਨੇ ਅਤੇ ਉਸ ਦੇ 2 ਪੁੱਤਰਾਂ ਨੇ ਗੁਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ 25 ਲੱਖ ਰੁਪਏ ਮੰਗੇ। ਉਨ੍ਹਾਂ ਆਪਣੀ ਇਕ ਕਿੱਲਾ ਜ਼ਮੀਨ ਵੇਚ ਕੇ ਨਛੱਤਰ ਸਿੰਘ ਤੇ ਉਸਦੇ ਦੋਵੇਂ ਪੁੱਤਰਾਂ ਦੇ ਬੈਂਕ ਖਾਤੇ ਵਿਚੋਂ 10 ਲੱਖ ਰੁਪਏ ਪਾ ਦਿੱਤੇ। ਏਜੰਟ ਨਛੱਤਰ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਨੂੰ ਪਿਛਲੇ ਸਾਲ 2024 ਦਸੰਬਰ ਮਹੀਨੇ ਵਿਚ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਨਛੱਤਰ ਸਿੰਘ ਤੇ ਉਸਦੇ ਦੋਵੇਂ ਲੜਕਿਆਂ ਨੇ ਉਨ੍ਹਾਂ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤੇ ਜਦੋਂ ਵੀ ਗੁਰਪ੍ਰੀਤ ਸਿੰਘ ਏਜੰਟ ਨਛੱਤਰ ਸਿੰਘ ਨੂੰ ਕਹਿੰਦਾ ਕਿ ਮੈਨੂੰ ਵਿਦੇਸ਼ ਭੇਜੋ ਨਹੀਂ ਤਾਂ ਮੇਰੇ ਪੈਸੇ ਵਾਪਸ ਕਰ ਦਿਓ ਤਾਂ ਉਹ ਟਾਲ-ਮਟੋਲ ਕਰਦੇ। ਇਸ ’ਤੇ ਗੁਰਪ੍ਰੀਤ ਸਿੰਘ ਨੇ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਏਐੱਸਪੀ ਧੀਰੇਂਦਰ ਵਰਮਾ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਲੜਕੇ ਦੇ ਦਾਦਾ ਦੇ ਬਿਆਨਾਂ ’ਤੇ ਟਰੈਵਲ ਏਜੰਟ ਨਛੱਤਰ ਸਿੰਘ ਅਤੇ ਉਸਦੇ 2 ਲੜਕੇ ਰਮਨਦੀਪ ਸਿੰਘ ਅਤੇ ਹਾਰਦਿਕ ’ਤੇ ਵਿਦੇਸ਼ ਭੇਜਣ ਦੀ ਧੋਖਾਧੜੀ ਦੇ ਦੋਸ਼ ਵਿਚ ਧਾਰਾ 108,3, (5) ਬੀਐੱਨਐੱਸ ਤਹਿਤ ਕੇਸ ਦਰਜ ਕਰਕੇ ਦੋਸ਼ੀ ਮੁਲਜਮਾਂ ਦੀ ਗ੍ਰਿਫਤਾਰੀ ਲਈ ਭਾਲ ਤੇਜ਼ ਕਰ ਦਿੱਤੀ ਹੈ। ਕੈਪਸ਼ਨ : 24ਕੇਪੀਟੀ26