ਵਿਆਹ ’ਚ ਬੈਗ ਚੋਰੀ ਕਰਨ ਵਾਲੇ ’ਤੇ ਮਾਮਲਾ ਦਰਜ
ਜੱਜ ਸਾਹਿਬ ਦਾ ਬੈਗ ਚੋਰੀ ਕਰਨ ਵਾਲੇ ਤੇ ਮਾਮਲਾ ਦਰਜ
Publish Date: Tue, 27 Jan 2026 07:20 PM (IST)
Updated Date: Tue, 27 Jan 2026 07:22 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਜੱਜ ਸਾਹਿਬ ਦਾ ਬੈਗ ਚੋਰੀ ਕਰਨ ਦੀ ਕੋਸ਼ਿਸ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮਨਰਾਜ ਸਿੰਘ ਗਿੱਲ ਪੁੱਤਰ ਗੁਰਬਚਨ ਸਿੰਘ ਗਿੱਲ ਵਾਸੀ ਸਤਨਾਮਪੁਰਾ ਫਗਵਾੜਾ ਨੇ ਦੱਸਿਆ ਕਿ ਹਵੇਲੀ ਹੈਰੀਟੇਜ ਫਗਵਾੜਾ ਵਿਖੇ ਉਹ ਬਤੌਰ ਜਨਰਲ ਮੈਨੇਜਰ ਕੰਮ ਕਰਦਾ ਹੈ, ਜਿਥੇ ਮਿਤੀ 26 ਜਨਵਰੀ ਨੂੰ ਮਾਣਯੋਗ ਜਸਟਿਸ ਜਸਵਿੰਦਰ ਸਿੰਘ ਦੇ ਬੇਟੇ ਦੀ ਰਿਸੈਪਸ਼ਨ ਪਾਰਟੀ ਚੱਲ ਰਹੀ ਸੀ। ਦੁਪਹਿਰ 12:30 ਵਜੇ ਦੇ ਕਰੀਬ ਮਾਨਯੋਗ ਜੱਜ ਜਸਵਿੰਦਰ ਸਿੰਘ, ਜੋ ਕਿ ਡੀਜੇ ਫਲੋਰ ਨੇੜੇ ਕੁਰਸੀ ਪਰ ਇਕ ਪੈਸਿਆਂ ਦਾ ਬੈਗ ਰੱਖ ਕੇ ਖੜ੍ਹੇ ਸਨ। ਉਨ੍ਹਾਂ ਦੇਖਿਆ ਕਿ ਇਕ ਮੋਨਾ ਨੌਜਵਾਨ, ਉਨ੍ਹਾਂ ਦਾ ਬੈਗ ਚੁੱਕਣ ਲੱਗਾ ਸੀ। ਉੱਥੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਉਸਨੇ ਆਪਣਾ ਨਾਮ ਅਰਜੁਨ ਸਿਸੋਦੀਆ ਪੁੱਤਰ ਮੁਕੇਸ਼ ਸਿਸੋਦੀਆ ਵਾਸੀ ਮੱਧ ਪ੍ਰਦੇਸ਼ ਦੱਸਿਆ। ਉਸ ਨੂੰ ਮੌਕੇ ’ਤੇ ਹੀ ਚੋਰੀ ਦੀ ਕੋਸ਼ਿਸ਼ ਕਰਦਿਆਂ ਕਾਬੂ ਕਰ ਲਿਆ ਗਿਆ। ਮਾਨਯੋਗ ਜੱਜ ਸਾਹਿਬ ਵੱਲੋਂ ਦੱਸਿਆ ਗਿਆ ਕਿ ਬੈਗ ਵਿਚ ਕਰੀਬ 10 ਲੱਖ ਰੁਪਏ ਸਨ। ਅਰਜਨ ਸਿਸੋਦੀਆ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।