ਦਰਖਤ ’ਚ ਵੱਜੀ ਕਾਰ ਸੜ ਕੇ ਸੁਆਹ, ਚਾਲਕ ਬਚਿਆ
ਕਾਰ ਦੀ ਦਰਖਤ ਨਾਲ ਜਬਰਦਸਤ ਟੱਕਰ, ਕਾਰ ਸੜ ਕੇ ਸੁਵਾਹ, ਕਾਰ ਚਾਲਕ ਵਾਲ ਵਾਲ ਬਚਿਆ
Publish Date: Thu, 20 Nov 2025 08:42 PM (IST)
Updated Date: Thu, 20 Nov 2025 08:43 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੀ ਰਾਤ ਸੁਲਤਾਨਪੁਰ ਲੋਧੀ ਭਾਗੋਰਾਈਆਂ ਮਾਰਗ ’ਤੇ ਇਕ ਤੇਜ਼ ਰਫਤਾਰ ਕਾਰ ਦੇ ਦਰੱਖਤ ’ਚ ਵੱਜਣ ਉਪਰੰਤ ਉਸਨੂੰ ਅੱਗ ਲੱਗ ਗਈ। ਹਾਲਾਂਕਿ ਕਾਰ ਸਵਾਰ ਵਾਲ-ਵਾਲ ਬਚ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਸੁਲਤਾਨਪੁਰ ਲੋਧੀ ਇੰਸਪੈਕਟਰ ਸੋਨਮਦੀਪ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9-10 ਵਜੇ ਇਕ ਕਾਰ ਸਵਾਰ ਤੇਜ਼ ਰਫਤਾਰ ਨਾਲ ਪਿੰਡ ਸ਼ਾਹਵਾਲਾ ਅੰਦਰੀਸਾ ਵਿਖੇ ਕਿਸੇ ਸਮਾਗਮ ਵਿਚ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਇੰਡੀਗੋ ਦਰਖਤ ’ਚ ਜਾ ਵੱਜੀ ਤੇ ਗੱਡੀ ਨੂੰ ਤੁਰੰਤ ਅੱਗ ਲੱਗ ਗਈ ਜਿਸ ਨਾਲ ਕਾਰ ਸੜ ਕੇ ਸਵਾਹ ਹੋ ਗਈ ਪਰ ਕਾਰ ਚਾਲਕ ਕਿਸੇ ਤਰ੍ਹਾਂ ਬਚ ਗਿਆ। ਉਨ੍ਹਾਂ ਦੱਸਿਆ ਕਾਰ ਸਵਾਰ ਨੇ ਇਸ ਸਬੰਧੀ ਪੁਲਿਸ ਨੂੰ ਕੋਈ ਸੂਚਨਾ ਵੀ ਨਹੀਂ ਦਿੱਤੀ। ਪਤਾ ਲੱਗਣ ਤੇ ਏਐੱਸਆਈ ਸ਼ੁਬੇਗ ਸਿੰਘ ਤੇ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ। ਜਾਂਚ ਕਰਨ ’ਤੇ ਪਤਾ ਲੱਗਾ ਕਿ ਕਾਰ ਸਵਾਰ ਕਥਿਤ ਰੂਪ ਵਿਚ ਨਸ਼ੇ ਵਿਚ ਲੱਗਦਾ ਸੀ ਅਤੇ ਕਾਰ ਬਹੁਤ ਤੇਜ਼ ਸਪੀਡ ਨਾਲ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਤਰਸੇਮ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਰਮਜੀਤਪੁਰ ’ਤੇ ਤੇਜ਼ ਗਤੀ ਨਾਲ ਕਾਰ ਚਲਾ ਕੇ ਟੱਕਰ ਮਾਰਨ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਕੈਪਸ਼ਨ : 20ਕੇਪੀਟੀ41