ਮ੍ਰਿਤਕ ਅਧਿਆਪਕਾਂ ਨੂੰ ਇਨਸਾਫ ਦੁਆਉਣ ਲਈ ਕੱਢਿਆ ਮੋਮਬੱਤੀ ਮਾਰਚ
ਮ੍ਰਿਤਕ ਅਧਿਆਪਕਾਂ ਨੂੰ ਇਨਸਾਫ ਦੁਆਉਣ ਲਈ ਮੋਮਬੱਤੀ ਮਾਰਚ
Publish Date: Thu, 08 Jan 2026 07:18 PM (IST)
Updated Date: Thu, 08 Jan 2026 07:21 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲੰਘੇ ਦਿਨੀਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਡਿਊਟੀ ਦੌਰਾਨ ਮੋਗਾ ਵਿਖੇ ਕਾਰ ਹਾਦਸੇ ਵਿਚ ਜਾਨ ਗੁਆਉਣ ਵਾਲ਼ੇ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਨੂੰ ਇਨਸਾਫ ਦੁਆਉਣ ਲਈ ਇਕ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਵਿਚ ਸਮੂਹ ਅਧਿਆਪਕ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਮੋਹਰਲੀ ਕਤਾਰ ਦੇ ਕਾਰਕੁੰਨਾਂ ਨੇ ਭਾਗ ਲਿਆ। ਅਧਿਆਪਕ ਆਗੂਆਂ ਵਰਿੰਦਰ ਸਿੰਘ ਕੰਬੋਜ, ਸਤਨਾਮ ਸਿੰਘ ਰੰਧਾਵਾ, ਸਤਵੰਤ ਟੂਰਾ, ਗੁਰਮੁਖ ਲੋਕਪ੍ਰੇਮੀ, ਕੁਲਦੀਪ ਕੌੜਾ, ਅਜੈ ਕੁਮਾਰ, ਪਰਮਿੰਦਰਪਾਲ ਸਿੰਘ, ਹਰਸਿਮਰਨ ਸਿੰਘ ਆਦਿ ਨੇ ਮੰਗ ਕੀਤੀ ਕਿ ਮ੍ਰਿਤਕ ਅਧਿਆਪਕ ਜੋੜੇ ਦੇ ਪਰਿਵਾਰਾਂ ਨੂੰ ਤੁਰੰਤ ਦੋ-ਦੋ ਕਰੋੜ ਦਾ ਮੁਆਵਜ਼ਾ ਅਦਾ ਕੀਤਾ ਜਾਵੇ। ਕੇਵਲ ਦਸ-ਦਸ ਲੱਖ ਐਲਾਨ ਕੇ ਪੱਲਾ ਝਾੜ ਲੈਣਾ ਸਰਕਾਰ ਦਾ ਗੈਰ-ਜ਼ਿੰਮੇਵਾਰਾਨਾ, ਸੰਵੇਦਨਹੀਣਾ ਅਤੇ ਸ਼ਰਮਨਾਕ ਕਦਮ ਹੈ। ਇਸ ਤੋਂ ਇਲਾਵਾ ਮ੍ਰਿਤਕ ਅਧਿਆਪਕਾਂ ਦੇ ਮਾਸੂਮ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਸਰਕਾਰ ਚੁੱਕੇ। ਉਨ੍ਹਾਂ ਦੀ ਪੜ੍ਹਾਈ ਉਪਰੰਤ ਨੌਕਰੀ ਦੀ ਲਿਖਤੀ ਜ਼ਿੰਮੇਵਾਰੀ ਦਿੱਤੀ ਜਾਵੇ। ਅੱਗੇ ਤੋਂ ਚੋਣਾਂ ਵਿਚ ਅਧਿਆਪਕਾਂ, ਮੁਲਾਜ਼ਮਾਂ ਦੀ ਖੱਜਲ-ਰਾਬੀ ਬੰਦ ਕੀਤੀ ਜਾਵੇ। ਕਪਲ ਕੇਸ ਵਿਚ ਔਰਤ ਮੁਲਾਜ਼ਮ ਤੇ ਛੋਟੇ ਬੱਚਿਆਂ ਦੀਆਂ ਮਾਵਾਂ ਅਤੇ ਬੀਐੱਲਓਜ਼ ਨੂੰ ਛੋਟ ਦਿੱਤੀ ਜਾਵੇ। ਚੋਣ ਡਿਊਟੀ ਦੌਰਾਨ ਹੀ ਜ਼ਖਮੀ ਹੋਈ ਅਧਿਆਪਕਾ ਰਾਜਵੀਰ ਕੌਰ ਨੂੰ ਤੁਰੰਤ ਵੀਹ ਲੱਖ ਦਾ ਮੁਆਵਜ਼ਾ ਦੇ ਕੇ ਠੀਕ ਹੋਣ ਤੱਕ ਆਨ ਡਿਊਟੀ ਮੰਨ ਕੇ ਪੂਰੀ ਤਨਖਾਹ ਦਿੱਤੀ ਜਾਵੇ। ਆਗੂਆਂ ਨੇ ਜਾਣਕਾਰੀ ਦਿੱਤੀ ਕਿ ਇਸ ਹੀ ਮੁੱਦੇ ਨੂੰ ਲੈ ਕੇ 18 ਜਨਵਰੀ ਨੂੰ ਸਮੂਹ ਜਥੇਬੰਦੀਆਂ ਦੇ ਸਾਂਝੇ ਮੰਚ ਅਧਿਆਪਕ ਇਨਸਾਫ ਕਮੇਟੀ ਦੇ ਸੱਦੇ ’ਤੇ ਮੋਗਾ ਵਿਖੇ ਭਰਵਾਂ ਇਕੱਠ ਕਰਕੇ ਇਨਸਾਫ ਰੈਲੀ ਕੀਤੀ ਜਾਵੇਗੀ ਅਤੇ ਇਨਸਾਫ ਦੀ ਇਸ ਲੜਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮਾਰਚ ਵਿਚ ਤਰਕਸ਼ੀਲ ਸੋਸਾਇਟੀ ਦੇ ਆਗੂ ਜਸਵਿੰਦਰ ਫਗਵਾੜਾ ਤੇ ਸੁਖਦੇਵ ਮਾਹੀ ਵੀ ਸ਼ਾਮਲ ਹੋਏ। ਇਸ ਮੌਕੇ ਮਨਜੀਤ ਗਾਟ, ਅਸ਼ੋਕ ਕੁਮਾਰ, ਜੋਗਿੰਦਰਪਾਲ, ਲਖਵੀਰ ਚੰਦ, ਜਸਵਿੰਦਰ ਖੇੜਾ, ਰਜਿੰਦਰ ਸਿੰਘ, ਦਵਿੰਦਰ ਸਿੰਘ, ਜਗਦੀਸ਼ ਕੁਮਾਰ, ਰਸ਼ਪਾਲ ਸਿੰਘ ਆਦਿ ਸਮੇਤ ਹੋਰ ਅਧਿਆਪਕ ਹਾਜ਼ਰ ਸਨ।