ਬੋਬਨਪ੍ਰੀਤ ਕੌਰ ਨੂੰ ਮਿਲੀ ਹਿਸਟਰੀ ਆਨਰਜ਼ ਦੀ ਡਿਗਰੀ
ਬੋਬਨਪ੍ਰੀਤ ਕੌਰ ਨੂੰ ਹਿਸਟਰੀ ਆਨਰਜ਼ ਦੀ ਡਿਗਰੀ ਨਾਲ ਕੀਤਾ ਗਿਆ ਸਨਮਾਨਿਤ
Publish Date: Fri, 23 Jan 2026 09:51 PM (IST)
Updated Date: Fri, 23 Jan 2026 09:54 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਕ ਪ੍ਰਭਾਵਸ਼ਾਲੀ ਡਿਗਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ, ਪਰ ਕਿਸੇ ਕਾਰਨ ਕਰਕੇ ਉਹ ਸਮਾਰੋਹ ਦੀ ਪ੍ਰਧਾਨਗੀ ਨਹੀਂ ਕਰ ਸਕੇ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਤੇ ਡੀਨ ਪ੍ਰੋ. (ਡਾ.) ਪਲਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਸਮਾਰੋਹ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਾਂਡੀ ਦਾਖਲੀ ਨੇੜੇ ਇਬਰਾਹੀਮਵਾਲ ਦੀ ਹੋਣਹਾਰ ਵਿਦਿਆਰਥਣ ਬੋਬਨਪ੍ਰੀਤ ਕੌਰ ਸਪੁੱਤਰੀ ਗੁਰਦੀਪ ਸਿੰਘ ਤੇ ਮਾਤਾ ਜਸਵਿੰਦਰ ਕੌਰ ਨੂੰ ਬੀਏ (ਆਨਰਜ਼) ਹਿਸਟਰੀ ਵਿਚ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਬੋਬਨਪ੍ਰੀਤ ਕੌਰ ਨੇ ਦੱਸਿਆ ਕਿ ਉਸਨੇ ਆਪਣੀ ਮੁੱਢਲੀ ਸਿੱਖਿਆ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਇਬਰਾਹੀਮਵਾਲ ਤੋਂ ਪ੍ਰਾਪਤ ਕੀਤੀ। ਉਸਨੇ ਪਲੱਸ ਟੂ ਦੀ ਪੜ੍ਹਾਈ ਸਾਲ 2020 ਵਿਚ ਪੂਰੀ ਕੀਤੀ ਤੇ ਬੀਏ ਦੀ ਡਿਗਰੀ ਸੈਸ਼ਨ 2022-23 ਦੌਰਾਨ ਹਿੰਦੂ ਕੰਨਿਆ ਕਾਲਜ ਤੋਂ ਹਾਸਲ ਕੀਤੀ। ਉਸਨੇ ਇਸ ਕਾਮਯਾਬੀ ਲਈ ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਅਧਿਆਪਕਾਂ ਡਾ. ਅਮਨਜੋਤੀ ਤੇ ਡਾ. ਸੀਮਾ ਰਾਣੀ ਦਾ ਧੰਨਵਾਦ ਕੀਤਾ।