ਸੁਲਤਾਨਪੁਰ ’ਚ ਖੂਬ ਉਡੀ ਖੂਨੀ ਡੋਰ
ਲੋਹੜੀ ਦੇ ਪਾਵਨ ਤਿਉਹਾਰ ਮੌਕੇ ਪਾਵਨ ਨਗਰੀ ਵਿੱਚ ਅਸਮਾਨ ਵਿੱਚ ਉਡੀ ਖੂਨੀ ਡੋਰ
Publish Date: Tue, 13 Jan 2026 09:06 PM (IST)
Updated Date: Tue, 13 Jan 2026 09:09 PM (IST)
ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਸਮਝਿਆ ਚਾਈਨਾ ਡੋਰ ਵਾਲਿਆਂ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੀ ਲੱਖ ਅਪੀਲਾਂ ਦੇ ਬਾਵਜੂਦ ਲੋਹੜੀ ਦੇ ਤਿਉਹਾਰ ’ਤੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਹਰ ਪਾਸੇ ਹਵਾ ਵਿਚ ਖੂਨੀ ਡੋਰ ਉਡਦੀ ਨਜ਼ਰ ਆਈ ਹੈ, ਜਿਸ ਨਾਲ ਕਈ ਥਾਵਾਂ ’ਤੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਨੌਜਵਾਨ ਅਤੇ ਬੱਚੇ ਜ਼ਿਆਦਾਤਰ ਲੋਕਾਂ ਦੇ ਹੱਥਾਂ ਵਿਚ ਚਾਈਨਾ ਡੋਰ ਹੀ ਨਜ਼ਰ ਆਈ। ਹਾਲਾਤ ਇਥੋਂ ਤੱਕ ਸ਼ਰਾਸਾਰ ਸੀ ਕਿ ਸਾਰੇ ਸ਼ਹਿਰ ਵਿਚ ਪੁਲਿਸ ਪ੍ਰਸ਼ਾਸਨ ਇਸ ਨੂੰ ਰੋਕਣ ਲਈ ਕਿਤੇ ਵੀ ਵਿਖਾਈ ਨਹੀਂ ਦਿੱਤਾ ਤੇ ਦੁਕਾਨਦਾਰਾਂ ਨੇ ਹਜ਼ਾਰਾਂ ਗੱਟੂ ਵੇਚ ਕੇ ਮੋਟੀ ਕਮਾਈ ਕੀਤੀ। ਖੂਨੀ ਡੋਰ ਵੇਚਣ ਵਾਲੇ ਸਮਾਜ ਵਿਰੋਧੀ ਅਨਸਰ ਇੰਨੇ ਤੇਜ਼ ਅਤੇ ਸ਼ਾਤਰ ਸਨ ਕਿ ਜੇਕਰ ਕੋਈ ਸਿੱਧੇ ਤੌਰ ’ਤੇ ਚਾਈਨਾ ਡੋਰ ਦੀ ਮੰਗ ਕਰਦਾ ਹੈ ਤਾਂ ਉਹ ਉਸ ਨਾਲ ਗੱਲ ਹੀ ਨਹੀਂ ਕਰਦੇ ਪ੍ਰੰਤੂ ਜਦੋਂ ਕੋਈ ਰੱਖਿਆ ਕੋਡ ਦੱਸਦਾ ਸੀ ਤਾਂ ਤੁਰੰਤ 1000 ਲੈ ਕੇ ਉਸ ਦੇ ਹੱਥ ਚਾਈਨਾ ਡੋਰ ਫੜਾ ਦਿੰਦੇ ਸਨ।
--ਨੌਜਵਾਨਾਂ ’ਚ ਪਤੰਗ ਉਡਾਉਣ ਦਾ ਵਧਿਆ ਕਰੇਜ਼-
ਲੋਹੜੀ ਮੌਕੇ ਪਤੰਗਬਾਜ਼ੀ ਦਾ ਸ਼ੌਕ ਸਭ ਤੋਂ ਵੱਧ ਨੌਜਵਾਨਾਂ ਵਿਚ ਦਿਖਾਈ ਦਿੱਤਾ। ਬਰਫਾਨੀ ਹਵਾਵਾਂ ਚੱਲਣ ਤੇ ਸੂਰਜ ਦੇਵਤਾ ਦੇ ਸਾਰਾ ਦਿਨ ਦਰਸ਼ਨ ਨਾ ਹੋਣ ਕਾਰਨ ਨੌਜਵਾਨ ਤੇ ਬੱਚੇ ਘਰਾਂ ਦੀਆਂ ਛੱਤਾਂ ਤੇ ਉੱਪਰ ਚੜ ਕੇ ਪਤੰਗ ਉਡਾਉਂਦੇ ਵੇਖੇ ਗਏ। ਸਾਰਾ ਦਿਨ ਆਈਬੋ-ਆਈਬੋ ਦੇ ਨਾਲ ਆਕਾਸ਼ ਗੂੰਜਦਾ ਰਿਹਾ। ਇਕ-ਦੂਜੇ ਦੀ ਪਤੰਗ ਨੂੰ ਕੱਟ ਕੇ ਨੌਜਵਾਨ ਖੁਸ਼ੀ ਨਾਲ ਭੰਗੜਾ ਪਾਉਂਦੇ ਵੀ ਵਿਖਾਈ ਦਿੱਤੇ।
--ਕੁਝ ਲੋਕਾਂ ਨੇ ਪਤੰਗ ਕਟਾਉਣ ਲਈ ਖਰੀਦੀ ਰਵਾਇਤੀ ਡੋਰ-
ਸਾਰਿਆਂ ਨੂੰ ਪਤਾ ਹੈ ਕਿ ਚਾਈਨਾ ਡੋਰ ਦੇ ਸਾਹਮਣੇ ਰਵਾਇਤੀ ਡੋਰ ਇਕ ਮਿੰਟ ਵੀ ਟਿਕ ਨਹੀਂ ਪਾਉਂਦੀ ਹੈ ਪਰ ਕੁਝ ਬੁੱਧੀਜੀਵੀ ਵਰਗ ਵੱਲੋਂ ਲੋਹੜੀ ਦੇ ਤਿਉਹਾਰ ਤੇ ਸ਼ਗਨ ਕਰਨ ਲਈ ਰਵਾਇਤੀ ਡੋਰ ਖਰੀਦੀ ਗਈ ਅਤੇ ਆਪਣੀਆਂ ਪਤੰਗਾਂ ਕਟਵਾਈਆਂ ਗਈਆਂ। ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਲੋਕ ਹਨ ਜਿਹੜੇ ਚਾਈਨਾ ਡੋਰ ਦਾ ਵਿਰੋਧ ਕਰਦੇ ਹਨ ਪਰ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ।
--ਪ੍ਰਸ਼ਾਸਨ ਦੇ ਸਾਰੇ ਦਾਅਵੇ ਫੇਲ੍ਹ-
ਖੂਨੀ ਚਾਈਨਾ ਡੋਰ ਨੂੰ ਰੋਕਣ ਦੇ ਪ੍ਰਸ਼ਾਸਨ ਦੇ ਸਾਰੇ ਦਾਅਵੇ ਫੇਲ ਹੁੰਦੇ ਵਿਖਾਈ ਦਿੱਤੇ ਅਤੇ ਸ਼ਹਿਰ ਦੇ ਹਰੇਕ ਮੁਹੱਲੇ ਵਿਚ ਚਾਈਨਾ ਡੋਰ ਦੀ ਖੂਬ ਵਿਕਰੀ ਹੋਈ ਅਤੇ ਇਸ ਨਾਲ ਕਈ ਹਾਦਸੇ ਵੀ ਵਾਪਰੇ ਪਰੰਤੂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਿਸੇ ਦੀ ਵੀ ਪ੍ਰਵਾਹ ਨਹੀਂ ਸੀ ਅਤੇ ਉਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਇਨਸਾਨ ਤੇ ਬੇਜ਼ੁਬਾਨ ਜੀਵਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ।