ਭਾਜਪਾ ਮੰਡਲਾਂ ’ਤੇ ਕਰਵਾਏਗੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ : ਪ੍ਰਦੀਪ ਠਾਕੁਰ
ਭਾਜਪਾ ਮੰਡਲਾਂ ’ਤੇ ਕਰੇਗੀ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ : ਪ੍ਰਦੀਪ ਠਾਕੁਰ
Publish Date: Fri, 21 Nov 2025 08:28 PM (IST)
Updated Date: Fri, 21 Nov 2025 08:28 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਰਤ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਕੋਆਰਡੀਨੇਟਰ ਪ੍ਰਦੀਪ ਠਾਕੁਰ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਤੇ ਧਰਮ, ਰਾਸ਼ਟਰ ਅਤੇ ਮਨੁੱਖਤਾ ਦੀ ਰੱਖਿਆ ਲਈ ਗੁਰੂ ਜੀ ਦੇ ਅਦੁੱਤੀ ਬਲੀਦਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਠਾਕੁਰ ਨੇ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਕੀਰਤਨ ਦਰਬਾਰ ਵਿੱਚ ਸ਼ਰਧਾ ਅਤੇ ਵਿਸ਼ਵਾਸ ਨਾਲ ਗੁਰਬਾਣੀ ਦਾ ਪਾਠ ਸੁਣਿਆ। ਠਾਕੁਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਸ਼ਰਧਾ, ਵਿਸ਼ਵਾਸ ਅਤੇ ਸ਼ਾਨ ਨਾਲ ਮਨਾਉਣ ਲਈ ਦੇਸ਼ ਭਰ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਇਸ ਲੜੀ ਵਿੱਚ ਪੰਜਾਬ ਭਾਜਪਾ ਨੇ ਹਰ ਸ਼ਹਿਰ, ਬਲਾਕ ਅਤੇ ਕਸਬੇ ਵਿੱਚ ਗੁਰੂ ਸਾਹਿਬ ਜੀ ਦੀ ਪਵਿੱਤਰ ਕੁਰਬਾਨੀ ਨੂੰ ਸ਼ਰਧਾ ਨਾਲ ਮਨਾਉਣ ਦਾ ਵੀ ਸੰਕਲਪ ਲਿਆ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਪ੍ਰੇਰਨਾਦਾਇਕ ਇਤਿਹਾਸ ਨਾਲ ਜੁੜ ਸਕਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਭਾਜਪਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ਼ ਧਾਰਮਿਕ ਸ਼ਰਧਾ ਦਾ ਪ੍ਰਤੀਕ ਨਹੀਂ ਹਨ, ਸਗੋਂ ਗੁਰੂ ਜੀ ਦੇ ਕੁਰਬਾਨੀ, ਏਕਤਾ ਅਤੇ ਸੱਚ ਦੇ ਅਮਰ ਸੰਦੇਸ਼ ਨੂੰ ਜਨਤਾ ਤਕ ਫੈਲਾਉਣ ਦਾ ਮੌਕਾ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਤੋਂ ਪ੍ਰੇਰਨਾ ਲੈਂਦੀ ਹੈ ਅਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਨ੍ਹਾਂ ਅਧਿਆਤਮਿਕ ਸਮਾਗਮਾਂ ਵਿੱਚ ਸ਼ਰਧਾ ਨਾਲ ਹਿੱਸਾ ਲੈਣ ਦਾ ਸੱਦਾ ਦਿੰਦੀ ਹੈ। ਉਨ੍ਹਾਂ ਕਿਹਾ ਕਿ 24 ਨਵੰਬਰ ਨੂੰ ਪੰਜਾਬ ਭਾਜਪਾ ਦੇ ਸਾਰੇ 628 ਮੰਡਲਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਵੇਗਾ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂ ਅਤੇ ਵਰਕਰ ਨਤਮਸਤਕ ਲੈਣਗੇ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਵਿੱਚ ਸਗੋਂ ਪੂਰੀ ਦੁਨੀਆ ਲਈ ਇੱਕ ਵਿਲੱਖਣ ਉਦਾਹਰਨ ਹੈ, ਜਿਸ ਨੇ ਧਾਰਮਿਕ ਆਜ਼ਾਦੀ, ਮਨੁੱਖੀ ਕਦਰਾਂ-ਕੀਮਤਾਂ ਅਤੇ ਸਮਾਜਿਕ ਸਦਭਾਵਨਾ ਦੀ ਰੱਖਿਆ ਦਾ ਸੰਦੇਸ਼ ਦਿੱਤਾ।