69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ ਬਨਾਰਸ ਨੇ ਜਿੱਤੀ
ਆਰ ਸੀ ਐੱਫ ਵਿਖੇ ਆਯੋਜਿਤ 69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ ਬਨਾਰਸ ਲੋਕੋਮੋਟਿਵ ਵਰਕਸ, ਬਨਾਰਸ ਨੇ ਜਿੱਤੀ
Publish Date: Thu, 08 Jan 2026 07:51 PM (IST)
Updated Date: Thu, 08 Jan 2026 07:54 PM (IST)

--ਰੇਲ ਡਿੱਬਾ ਕਾਰਖਾਨਾ, ਕਪੂਰਥਲਾ ਦੀ ਗੋਲਫ ਟੀਮ ਰਹੀ ਉਪਵਿਜੇਤਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਡਿੱਬਾ ਕਾਰਖਾਨਾ (ਆਰਸੀਐੱਫ) ਗੋਲਫ ਕੋਰਸ ਵਿਚ ਆਯੋਜਿਤ 69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ 2025-26 ਦਾ ਅੱਜ ਸਮਾਪਨ ਹੋਇਆ। ਮੁਕਾਬਲੇ ਵਿਚ ਬਨਾਰਸ ਲੋਕੋਮੋਟਿਵ ਵਰਕਸ, ਬਨਾਰਸ ਦੀ ਟੀਮ ਨੇ 448 ਦੇ ਸਕੋਰ ਨਾਲ ਚੈਂਪੀਅਨਸ਼ਿਪ ਜਿੱਤਣ ਦਾ ਸਨਮਾਨ ਹਾਸਲ ਕੀਤਾ। ਰੇਲ ਡਿੱਬਾ ਕਾਰਖਾਨਾ, ਕਪੂਰਥਲਾ ਦੀ ਟੀਮ 452 ਦੇ ਸਕੋਰ ਨਾਲ ਉਪਜੇਤੂ ਰਹੀ, ਜਦਕਿ ਦੱਖਣ ਮੱਧ ਰੇਲਵੇ, ਸਿਕੰਦਰਾਬਾਦ ਦੀ ਟੀਮ 472 ਸਟਰੋਕਸ ਨਾਲ ਤੀਜੇ ਸਥਾਨ ’ਤੇ ਰਹੀ। 7.1.2026 ਨੂੰ ਖੇਡੇ ਗਏ ਪਹਿਲੇ ਰਾਊਂਡ ਤੋਂ ਬਾਅਦ ਆਰਸੀਐੱਫ ਟੀਮ 222 ਸਟਰੋਕਸ ਨਾਲ ਪਹਿਲੇ ਸਥਾਨ ‘ਤੇ ਸੀ, ਜਦਕਿ ਬਨਾਰਸ ਟੀਮ 226 ਸਟਰੋਕਸ ਨਾਲ ਦੂਜੇ ਅਤੇ ਦੱਖਣ ਮੱਧ ਰੇਲਵੇ 235 ਸਟਰੋਕਸ ਨਾਲ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ਇਨਾਮਾਂ ਦੀ ਵੰਡ ਰੇਲ ਡਿੱਬਾ ਕਾਰਖਾਨਾ ਦੇ ਸੇਵਾਮੁਕਤ ਮੁੱਖ ਇੰਜੀਨੀਅਰ ਅਮਰ ਸਿੰਘ ਵੱਲੋਂ ਕੀਤੀ ਗਈ। ਬਨਾਰਸ ਟੀਮ ਦੇ ਇਮਾਮੁਲ ਹੱਕ, ਗੁਲਫਾਮ ਹੁਸੈਨ, ਰਿਤੇਸ਼ ਅਤੇ ਹੇਮੰਤ ਯਾਦਵ ਨੂੰ ਮੁੱਖ ਮਹਿਮਾਨ ਵੱਲੋਂ ਜੇਤੂ ਟਰਾਫੀ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ ਆਰਸੀਐੱਫ ਟੀਮ ਦੇ ਯੁਵਰਾਜ ਸਿੰਘ, ਰਣਵੀਰ ਸਿੰਘ, ਜਗਮੋਹਨ ਸਿੰਘ ਅਤੇ ਦੀਪਕ ਸ਼ਰਮਾ ਨੂੰ ਉਪਜੇਤੂ ਟਰਾਫੀ ਭੇਟ ਕੀਤੀ ਗਈ। ਇਸ ਤੋਂ ਇਲਾਵਾ, ਆਰਸੀਐੱਫ ਦੇ ਯੁਵਰਾਜ ਸਿੰਘ ਨੇ ‘ਲਾਂਗੇਸਟ ਡਰਾਈਵ’ ਮੁਕਾਬਲਾ ਜਿੱਤਿਆ ਅਤੇ ਉਸਨੂੰ 141 ਦੇ ਕੁਲ ਸਕੋਰ ਨਾਲ ਸਰਵੋਤਮ ਗੋਲਫਰ ਘੋਸ਼ਿਤ ਕੀਤਾ ਗਿਆ। ਬਨਾਰਸ ਦੇ ਗੁਲਫਾਮ ਹੁਸੈਨ ਅਤੇ ਇਮਾਮੁਲ ਹੱਕ ਨੂੰ 148–148 ਦੇ ਸਕੋਰ ਨਾਲ ਕ੍ਰਮਵਾਰ ਪਹਿਲਾ ਅਤੇ ਦੂਜਾ ਉਪਜੇਤੂ ਇਨਾਮ ਪ੍ਰਦਾਨ ਕੀਤਾ ਗਿਆ। ਦੱਖਣ-ਪੂਰਬੀ ਰੇਲਵੇ ਟੀਮ ਦੇ ਰਾਜਾ ਬਾਬੂ ਅਲੀ ਨੇ ‘ਨੀਅਰਸਟ ਟੂ ਪਿਨ’ ਮੁਕਾਬਲਾ ਜਿੱਤਿਆ। ਇਸ ਮੌਕੇ ਕੇਐੱਸ ਅਸਲਾ, ਆਰਸੀਐੱਫ ਦੇ ਮੁੱਖ ਵਿੱਤੀ ਸਲਾਹਕਾਰ ਤੇ ਆਰਸੀਐੱਫ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ, ਸਾਰੇ ਸੀਨੀਅਰ ਅਧਿਕਾਰੀ ਅਤੇ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਤੇ ਆਰਸੀਐੱਫ ਸਪੋਰਟਸ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।