ਆਰਸੀਐੱਫ ’ਚ ਜਾਗਰੂਕਤਾ ਸੈਮੀਨਾਰ ਆਯੋਜਿਤ
ਰੇਲ ਡਿੱਬਾ ਕਾਰਖਾਨਾ ਕਪੂਰਥਲਾ ਵਿੱਚ ਕਰਮਚਾਰੀ ਭਵਿੱਖ ਨਿਧੀ ਅਤੇ ਕਰਮਚਾਰੀ ਰਾਜ ਬੀਮਾ ਬਾਰੇ ਜਾਗਰੂਕਤਾ ਸੈਮੀਨਾਰ ਆਯੋਜਿਤ
Publish Date: Fri, 19 Dec 2025 07:14 PM (IST)
Updated Date: Fri, 19 Dec 2025 07:16 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਰੇਲ ਡਿੱਬਾ ਕਾਰਖਾਨਾ (ਆਰਸੀਐੱਫ) ਕਪੂਰਥਲਾ ਦੇ ਟੈਕਨੀਕਲ ਟ੍ਰੇਨਿੰਗ ਸੈਂਟਰ ਵਿਚ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਜਲੰਧਰ ਅਤੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਜਲੰਧਰ ਵੱਲੋਂ ਕਰਮਚਾਰੀਆਂ ਲਈ ਕਰਮਚਾਰੀ ਭਵਿੱਖ ਨਿਧੀ ਅਤੇ ਕਰਮਚਾਰੀ ਰਾਜ ਬੀਮਾ ਦੇ ਫਾਇਦਿਆਂ ਬਾਰੇ ਇਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਕੰਟ੍ਰੈਕਟ ਵਰਕਰਾਂ, ਠੇਕੇਦਾਰਾਂ ਅਤੇ ਰੇਲ ਡਿੱਬਾ ਕਾਰਖਾਨਾ ਦੇ ਅਧਿਕਾਰੀਆਂ ਸਮੇਤ ਲਗਭਗ 100 ਭਾਗੀਦਾਰਾਂ ਨੇ ਭਾਗ ਲਿਆ। ਇਸ ਮੌਕੇ ਰੇਲ ਡਿੱਬਾ ਕਾਰਖਾਨਾ ਦੇ ਸੀਨੀਅਰ ਅਧਿਕਾਰੀਆਂ ਵਿਚ ਅਭੈਪ੍ਰਿਆ ਡੋਗਰਾ ਡਿਪਟੀ ਸੀਐੱਮਈ/ਕੋਆਰਡੀਨੇਸ਼ਨ, ਨੀਰਜ ਕੁਮਾਰ ਵਰਕਸ ਮੈਨੇਜਰ/ਫਰਨਿਸ਼ਿੰਗ, ਰਮੇਸ਼ਵਰ ਸਿੰਘ ਪ੍ਰਿੰਸੀਪਲ/ਟੈਕਨੀਕਲ ਟ੍ਰੇਨਿੰਗ ਸੈਂਟਰ, ਅਤੁਲ ਕੁਮਾਰ ਯਾਦਵ ਅਸਿਸਟੈਂਟ ਵਰਕਸ ਮੈਨੇਜਰ/ਪੇਂਟ ਅਤੇ ਜਗਮੀਤ ਸਿੰਘ ਚੀਫ ਸੇਫਟੀ ਅਫਸਰ ਮੌਜੂਦ ਸਨ। ਕਰਮਚਾਰੀ ਭਵਿੱਖ ਨਿਧੀ ਯੋਜਨਾ ਦੇ ਫਾਇਦਿਆਂ ਬਾਰੇ ਸੈਸ਼ਨ ਦੌਰਾਨ ਹਰਚਰਨ ਸਿੰਘ ਇਨਫੋਰਸਮੈਂਟ ਅਫਸਰ ਤੇ ਰਾਜਦੀਪ ਸਿੰਘ ਬਰਾਰ ਇਨਫੋਰਸਮੈਂਟ ਅਫਸਰ ਵੱਲੋਂ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਈਪੀਐੱਫ ਦੇ ਟੈਕਨੀਕਲ ਪੱਖਾਂ ਬਾਰੇ ਪੰਕਜ ਸਰਪਾਲ ਡੀਪੀਏ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਕਰਮਚਾਰੀ ਰਾਜ ਬੀਮਾ ਯੋਜਨਾ ਦੇ ਫਾਇਦਿਆਂ ਬਾਰੇ ਲੈਕਚਰ ਦੀਪਕ ਕੁਮਾਰ ਅਸਿਸਟੈਂਟ ਡਾਇਰੈਕਟਰ ਈਐੱਆਈਸੀ ਵੱਲੋਂ ਦਿੱਤਾ ਗਿਆ। ਇਸ ਤੋਂ ਇਲਾਵਾ ਉੱਤਮ ਕੁਮਾਰ ਐੱਸਐੱਸਓ ਈਐੱਆਈਸੀ ਨੇ ਠੇਕੇਦਾਰਾਂ ਨੂੰ ਈਐੱਆਈਸੀ ਦੀ ਐਸਪੀਆਰਈਈ ਯੋਜਨਾ (ਨਿਯੋਜਕਾਂ ਅਤੇ ਕਰਮਚਾਰੀਆਂ ਦੇ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ) ਬਾਰੇ ਵੀ ਜਾਣੂ ਕਰਵਾਇਆ ਅਤੇ ਇਸ ਤਹਿਤ ਰਜਿਸਟ੍ਰੇਸ਼ਨ ਦੇ ਲਾਭਾਂ ’ਤੇ ਰੌਸ਼ਨੀ ਪਾਈ। ਕਾਰਜਕ੍ਰਮ ਦਾ ਸਮਾਪਨ ਜਗਮੀਤ ਸਿੰਘ ਚੀਫ ਸੇਫਟੀ ਅਫਸਰ ਦੇ ਸਮਾਪਨ ਭਾਸ਼ਣ ਨਾਲ ਹੋਇਆ, ਉਪਰੰਤ ਰਮੇਸ਼ਵਰ ਸਿੰਘ ਪ੍ਰਿੰਸੀਪਲ/ਟੈਕਨੀਕਲ ਟ੍ਰੇਨਿੰਗ ਸੈਂਟਰ ਵੱਲੋਂ ਧੰਨਵਾਦ ਪ੍ਰਸਤਾਵ ਦਿੱਤਾ ਗਿਆ।