ਆਪਸੀ ਰੰਜ਼ਿਸ਼ ਤਹਿਤ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 4 ਜ਼ਖ਼ਮੀ
ਮਾਂ, ਪੁੱਤ, ਧੀ ਤੇ
Publish Date: Wed, 19 Nov 2025 09:58 PM (IST)
Updated Date: Wed, 19 Nov 2025 10:01 PM (IST)

ਮਾਂ, ਪੁੱਤ, ਧੀ ਤੇ 2 ਸਾਲਾ ਬੱਚੀ ਗੰਭੀਰ ਜ਼ਖ਼ਮੀ ਹਮਲਾਵਰ ਫਰਾਰ, ਮਾਮਲਾ ਦਰਜ ਸੰਵਾਦ ਸੂਤਰ, ਜਾਗਰਣ ਕਪੂਰਥਲਾ : ਬੁੱਧਵਾਰ ਸ਼ਾਮ ਲਗਪਗ 5 ਵਜੇ ਹਮੀਰਾ ਤੋਂ ਮੋਟਰਸਾਈਕਲ ’ਤੇ ਜਾ ਰਹੇ ਮਾਂ, ਪੁੱਤਰ ਤੇ 2 ਸਾਲਾ ਬੱਚੀ ਪਿੰਡ ਟੋਟੀ ਵੱਲ ਜਾ ਰਹੇ ਸਨ। ਰਸਤੇ ’ਚ ਪਿੰਡ ਬੂਟਾ ਤੋਂ ਆਪਣੀ ਧੀ ਨੂੰ ਲੈ ਕੇ ਜਿਵੇਂ ਹੀ ਉਹ ਅੱਗੇ ਵਧੇ ਪਿੰਡ ਦੇ ਮੋੜ ਤੋਂ ਪਹਿਲਾਂ ਘਾਤ ਲਗਾ ਕੇ ਬੈਠੇ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਸਾਰੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਘਟਨਾ ਸਥਾਨ ’ਤੇ ਪਹੁੰਚੇ, ਜਿਸ ’ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਚਾਰਾਂ ਜ਼ਖ਼ਮੀਆਂ ਨੂੰ ਤੁਰੰਤ ਕਪੂਰਥਲਾ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਰਾਜਵਿੰਦਰ ਕੌਰ (40) ਪਤਨੀ ਕਸ਼ਮੀਰ ਸਿੰਘ, ਗੁਰਚਰਨ ਸਿੰਘ (17), ਪੁੱਤਰ ਕਸ਼ਮੀਰ ਸਿੰਘ. ਸੁਖਮਨੀ ਕੌਰ (2) ਪੁੱਤਰੀ ਕਸ਼ਮੀਰ ਸਿੰਘ ਵਾਸੀ ਹਮੀਰਾ ਤੇ ਬਾਵੀ (25) ਪਤਨੀ ਜੋਗਿੰਦਰ ਸਿੰਘ ਵਾਸੀ ਪਿੰਡ ਬੂਟਾ ਦੇ ਰੂਪ ’ਚ ਹੋਈ ਹੈ। ਜ਼ਖ਼ਮੀ ਗੁਰਚਰਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਕੁਝ ਨੌਜਵਾਨਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ ਸੀ। ਇਸੇ ਰੰਜ਼ਿਸ਼ ਕਾਰਨ ਉਨ੍ਹਾਂ ’ਤੇ ਇਹ ਜਾਨਲੇਵਾ ਹਮਲਾ ਹੋਇਆ•। ਸਿਵਲ ਹਸਪਤਾਲ ’ਚ ਡਿਊਟੀ ਡਾਕਟਰ ਸ਼ੈਲਜਾ ਨੇ ਦੱਸਿਆ ਕਿ ਰਾਜਵਿੰਦਰ ਕੌਰ ਦੇ ਮੂੰਹ ’ਤੇ ਡੂੰਘੀ ਸੱਟ ਲੱਗੀ ਹੈ ਤੇ ਬਾਕੀ ਜ਼ਖ਼ਮੀਆਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।