ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ : ਡੋਗਰਾ
ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਂਟੀ ਡਰੱਗ ਕਲੱਬ ਵੱਲੋਂ ਕਰਵਾਇਆ ਨਸ਼ਿਆਂ ਦੇ ਵਿਰੁੱਧ ਸੈਮੀਨਾਰ
Publish Date: Fri, 05 Dec 2025 08:38 PM (IST)
Updated Date: Sat, 06 Dec 2025 04:13 AM (IST)

ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਂਟੀ ਡਰੱਗ ਕਲੱਬ ਵੱਲੋਂ ਕਰਵਾਇਆ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਐਂਟੀ ਡਰੱਗ ਕਲੱਬ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਹੋਈ ਮੁਹਿੰਮ ਤਹਿਤ ਅੱਜ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਅਨੀਤਾ ਧੀਰ ਨੇ ਕਿਹਾ ਕਿ ਨਸ਼ਿਆਂ ਨੇ ਅੱਜ ਸਾਡੇ ਤੋਂ ਪੰਜਾਬ ਦੀ ਜਵਾਨੀ ਖੋਹ ਲਈ ਹੈ ਅਤੇ ਛੋਟੀ ਉਮਰ ਵਿੱਚ ਬੱਚੇ ਗਲਤ ਸੰਗਤ ਵਿੱਚ ਪੈ ਕੇ ਆਪਣਾ ਭਵਿੱਖ ਬਰਬਾਦ ਕਰ ਰਹੇ ਹਨ ਜਿਨਾਂ ਨੂੰ ਰੋਕਣਾ ਤੇ ਜਾਗਰੂਕ ਕਰਨਾ ਸਮੇਂ ਦੀ ਪਹਿਲੀ ਜਰੂਰਤ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਅਜਿਹੇ ਸੈਮੀਨਾਰ ਕਰਨ ਦਾ ਮੁੱਖ ਮਕਸਦ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨਾ ਹੈ ਤਾਂ ਕਿ ਨੌਜਵਾਨ ਆਪਣੀ ਜਿੰਦਗੀ ਨੂੰ ਸੁੰਦਰ ਢੰਗ ਨਾਲ ਗੁਜਾਰਨ। ਇਸ ਮੌਕੇ ਮੈਡਮ ਅਨੁਰਾਧਾ ਡੋਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਦਾ ਐਂਟੀ ਡਰੱਗ ਕਲੱਬ ਸਮਰਥਨ ਕਰਦਾ ਹੋਇਆ ਉਹਨਾਂ ਨਾਲ ਸਹਿਯੋਗ ਕਰਨਾ ਆਪਣਾ ਫਰਜ਼ ਸਮਝਦਾ ਹੈ। ਮੈਡਮ ਡੋਗਰਾ ਨੇ ਕਿਹਾ ਕਿ ਸਕੂਲ ਜਾਂ ਕਾਲਜ ਜੀਵਨ ਵਿੱਚ ਉਹ ਪੜਾਅ ਹੈ ਜਿੱਥੇ ਵਿਦਿਆਰਥੀ ਕਈ ਤਰ੍ਹਾਂ ਦੇ ਦਬਾਅ ਤੇ ਨਵੇਂ ਅਨੁਭਵ ਕਰਕੇ ਜਾਂਦੇ ਹਨ। ਜਗਿਆਸਾ, ਸਹਿਯੋਗੀਆਂ ਦਾ ਦਬਾਅ, ਤਨਾਅ ਜਾਂ ਕਿਤੇ ਜਾਣਕਾਰੀ ਦੀ ਘਾਟ ਉਨਾਂ ਨੂੰ ਨਸ਼ੀਲੀ ਦਵਾਈਆਂ ਦੇ ਸੇਵਨ ਵੱਲ ਧੱਕ ਦਿੰਦੀ ਹੈ। ਸਹੀ ਜਾਣਕਾਰੀ ਅਤੇ ਜਾਗਰੂਕਤਾ ਉਨਾਂ ਨੂੰ ਅਜਿਹੇ ਮੁਸ਼ਕਿਲਾਂ, ਜੋਖਮਾ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ। ਪ੍ਰਿੰਸੀਪਲ ਸਰਗਮ ਥਿੰਦ ਨੇ ਐਂਟੀ ਡਰੱਗ ਕਲੱਬ ਵੱਲੋਂ ਨਸ਼ਿਆਂ ਦੇ ਖਿਲਾਫ ਕੀਤੇ ਗਏ ਸੈਮੀਨਾਰ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਸਮਝਣਾ ਜਰੂਰੀ ਹੈ ਕਿ ਨਸ਼ੀਲੀ ਦਵਾਈਆਂ ਦਾ ਸੇਵਨ ਕਿਸੇ ਵੀ ਸਮੱਸਿਆ ਦਾ ਸਮਾਧਾਨ ਨਹੀਂ ਹੈ ਬਲਕਿ ਇਹ ਖੁਦ ਇੱਕ ਵੱਡੀ ਸਮੱਸਿਆ ਹੈ ।ਸਹੀ ਜਾਣਕਾਰੀ ਅਤੇ ਸਮਰਥਨ ਉਹਨਾਂ ਨੂੰ ਸੁਰੱਖਿਆਤ ਤੇ ਸਿਹਤਮੰਦ ਜੀਵਨ ਚੁਣਨ ਵਿੱਚ ਮਦਦ ਕਰੇਗਾ। ਇਸ ਮੌਕੇ ਅਨੀਤਾ ਧੀਰ ,ਅਨੁਰਾਧਾ ਡੋਗਰਾ, ਕਰਨਦੀਪ ਸਿੰਘ, ਮਨੀਤ ਕੌਰ, ਸਜਾਲ, ਪੁਨੀਤ ਆਦਿ ਵੀ ਹਾਜ਼ਰ ਸਨ।