ਪ੍ਰਮੋਸ਼ਨਾਂ ਤੇ ਹੋਰ ਅਧਿਆਪਕ ਮਸਲਿਆਂ ਦੇ ਹੱਲ ਲਈ 30 ਦਸੰਬਰ ਨੂੰ ਡੀ.ਪੀ.ਆਈ ਦਫਤਰ ਚੰਡੀਗੜ੍ਹ ਧਰਨੇ ਦਾ ਐਲਾਨ - ਜੀ. ਟੀ. ਯੂ

ਡੀਪੀਆਈ ਦਫਤਰ ਮੋਹਾਲੀ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। 4 ਸਾਲ ਬੀਤਣ ਮਗਰੋਂ ਵੀ ਸਰਕਾਰੀ ਸਕੂਲਾਂ ਵਿਚ ਸੈਂਕੜੇ ਪ੍ਰਿੰਸੀਪਲ, ਹਜ਼ਾਰਾਂ ਲੈਕਚਰਾਰ, ਮਾਸਟਰ ਕੇਡਰ ਤੇ ਈਟੀਟੀ ਅਧਿਆਪਕਾਂ ਸਮੇਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ ਅਸਾਮੀਆਂ ਖਾਲੀ ਹਨ। ਹਜ਼ਾਰਾਂ ਅਧਿਆਪਕ ਹਰ ਮਹੀਨੇ ਆਪਣੀਆਂ ਪ੍ਰਮੋਸ਼ਨਾਂ ਉਡੀਕਦੇ ਹੋਏ ਰਿਟਾਇਰ ਹੋ ਰਹੇ ਹਨ ਤੇ ਵਿਦਿਆਰਥੀ ਆਪਣੇ ਸਕੂਲਾਂ ਵਿਚ ਅਧਿਆਪਕਾਂ ਨੂੰ ਉਡੀਕ ਰਹੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਸਰਕ ਨਹੀਂ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ, ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ ਅਤੇ ਮੀਤ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਦੱਸਿਆ ਪਿਛਲੇ ਸਮੇਂ ਵਿਚ ਜਿਹੜੀਆਂ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ ਉਸ ’ਚ ਵੀ ਪਾਰਦਰਸ਼ਤਾ ਦੀ ਘਾਟ ਪਾਈ ਗਈ। ਸਿੱਖਿਆ ਵਿਭਾਗ ਵੱਲੋਂ ਪ੍ਰਮੋਟ ਹੋਏ ਲੈਕਚਰਾਰਾਂ ਤੇ ਮਾਸਟਰਾਂ ਨੂੰ ਵਿਸ਼ੇਸ਼ ਮੌਕਾ ਦੇਣ ਦਾ ਫੈਸਲਾ ਕੀਤਾ ਸੀ ਪਰ ਉਹ ਵੀ ਅਜੇ ਤੱਕ ਲਾਗੂ ਨਹੀਂ ਹੋਇਆ ਹੈ। ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਫੂਕ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ। ਪੰਜਾਬ ਭਰ ਦੇ ਲੋਕਾਂ ਸਾਹਮਣੇ ਸਿੱਖਿਆ ਕ੍ਰਾਂਤੀ ਦਾ ਅਸਲ ਚਿਹਰਾ ਆ ਚੁੱਕਿਆ ਹੈ। ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਅਤੇ ਸਿੱਖਿਆ ਮੰਤਰੀ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ, ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋਏ ਹਨ। ਸਿੱਖਿਆ ਵਿਭਾਗ ਵੱਲੋਂ ਕੀਤੀਆਂ ਪਾਰਦਰਸ਼ੀ ਬਦਲੀਆਂ, ਪ੍ਰਮੋਸ਼ਨਾਂ, 16% ਮਹਿੰਗਾਈ ਭੱਤਾ, ਬਾਰਡਰ ਏਰੀਆ, ਰੂਲਰ ਏਰੀਆ, ਏਸੀਪੀ ਸਕੀਮ ਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਨੂੰ ਬਣਾਉਣ ਦੇ ਦਾਅਵੇ ਫੋਕੇ ਸਾਬਤ ਹੋਏ ਹਨ। ਇਸ਼ਤਿਹਾਰਬਾਜ਼ੀਆਂ ਕਰਨ ਵਾਲੇ ਸਿੱਖਿਆ ਮੰਤਰੀ ਹੁਣ ਤੱਕ ਤਾਂ ਫੇਲ੍ਹ ਸਾਬਿਤ ਹੋਏ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਗੈਰ-ਆਰਥਿਕ ਮੰਗਾਂ ਦੀ ਪੂਰਤੀ ਤੋਂ ਅਸਮਰੱਥ ਸਿੱਖਿਆ ਮੰਤਰੀ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਵਿਭਾਗ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅਧਿਆਪਕਾਂ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਬੋਰਡ ਬਣਵਾਏ ਤੇ ਸਰਕਾਰ ਦੇ ਚਹੇਤਿਆਂ ਨੂੰ ਖੁਸ਼ ਕਰਨ ਲਈ ਚਾਹ-ਪਾਣੀ, ਟੈਂਟ, ਸਾਊਂਡ ਆਦਿ ਸਮਾਨ ਦਾ ਪ੍ਰਬੰਧ ਕੀਤਾ ਪਰ ਵਿਭਾਗ ਨੇ ਅਜੇ ਤੱਕ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਇਹ ਰਾਸ਼ੀ ਵੀ ਜਾਰੀ ਨਹੀਂ ਕੀਤੀ ਗਈ। ਇਹ ਗੱਲ ਸਾਬਤ ਹੁੰਦੀ ਮਾਨ ਸਰਕਾਰ ਰਾਜ ਘੱਟ ਤੇ ਦਿਖਾਵਾ ਜ਼ਿਆਦਾ ਕਰ ਰਹੀ ਹੈ। ਇਨ੍ਹਾਂ ਸਾਰੀਆਂ ਮੰਗਾਂ ਦੀ ਪੂਰਤੀ ਲਈ ਤੇ ਪੰਜਾਬ ਭਰ ਦੇ ਅਧਿਆਪਕਾਂ ਨੂੰ ਬਣਦੇ ਹੱਕ ਦਿਵਾਉਣ ਲਈ ਜੀਟੀਯੂ ਵੱਲੋਂ 30 ਦਸੰਬਰ ਨੂੰ ਡੀਪੀਆਈ ਦਫਤਰ ਮੋਹਾਲੀ ਵਿਖੇ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।