ਵਿਭਿੰਨਤਾਵਾਂ ਵਿੱਚ ਏਕਤਾ ਦਾ ਪ੍ਰਤੀਕ ਬਣਿਆ ਸੈਨਿਕ ਸਕੂਲ ਕਪੂਰਥਲਾ ਦਾ ਵਰ੍ਹੇਗੰਢ ਸਮਾਰੋਹ

–ਰਾਸ਼ਟਰ ਸੇਵਾ ਸਭ ਤੋਂ ਉੱਚਾ ਧਰਮ : ਜਨ. ਗੁਰਮੀਤ ਸਿੰਘ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਅੱਜ ਸੈਨਿਕ ਸਕੂਲ ਕਪੂਰਥਲਾ ਦਾ ਵਰ੍ਹੇਗੰਢ ਸਮਾਰੋਹ ਬੜੀ ਸਫਲਤਾ ਨਾਲ ਮਨਾਇਆ ਗਿਆ। ਦੇਸ਼ਭਗਤੀ, ਜੋਸ਼, ਏਕਤਾ ਅਤੇ ਵਿਭਿੰਨਤਾਵਾਂ ਨੂੰ ਇਕ ਧਾਗੇ ਵਿਚ ਪਰੋ ਕੇ ਇਸ ਸਮਾਰੋਹ ਦੀ ਰੂਪਰੇਖਾ ਇਸ ਤਰ੍ਹਾਂ ਤਿਆਰ ਕੀਤੀ ਗਈ ਕਿ ਹਰ ਪਾਸੇ ਤਾੜੀਆਂ ਦੀ ਗੂੰਜ ਹੀ ਸੁਣਾਈ ਦੇ ਰਹੀ ਸੀ। ਮੁੱਖ ਮਹਿਮਾਨ ਉੱਤਰਾਖੰਡ ਦੇ ਰਾਜਪਾਲ ਜਨਰਲ ਗੁਰਮੀਤ ਸਿੰਘ ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ, ਵੀਐੱਸਐੱਮ (ਰਿ.) ਤੇ ਵਿਸ਼ੇਸ਼ ਮਹਿਮਾਨ ਵੈਸਟਰਨ ਕਮਾਂਡ ਦੇ ਜਨਰਲ ਆਫਿਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਐੱਮਕੇ ਕਟਿਆਰ ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ ਦੇ ਆਗਮਨ ’ਤੇ ਸਕੂਲ ਦੀ ਪ੍ਰਿੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਕਾਰਜਕ੍ਰਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸੈਕੈਪ ਸਮਾਰਕ ’ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਨਾਲ ਹੋਈ। ਇਸ ਉਪਰੰਤ ਸਕੂਲ ਦੇ ਐੱਨਸੀਸੀ ਕੈਡੇਟਸ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਸੇਂਗਰ ਨੇ ਸਾਲ 025 ਦੀਆਂ ਸਿੱਖਿਆਤਮਕ ਉਪਲਬਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ, ਐੱਨਡੀਏ ਵਿਚ ਦਾਖ਼ਲੇ ਦੇ ਲਕਸ਼, ਅਨੁਸ਼ਾਸਨ, ਦਿਨਚਰਿਆ, ਖੇਡਾਂ ਵਿਚ ਪ੍ਰਾਪਤੀਆਂ ਅਤੇ ਪ੍ਰਸਿੱਧ ਬੈਂਡ ਟੀਮ ਦੀਆਂ ਸਫਲਤਾਵਾਂ ’ਤੇ ਰੋਸ਼ਨੀ ਪਾਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਜਨਰਲ ਕਟਿਆਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਦੀ ਪ੍ਰਸਤੁਤੀ ਦੇਖ ਕੇ ਇਹ ਸਾਫ਼ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਵਿਚ ਉੱਚ ਕੋਟਿ ਦਾ ਸਮਰਥ ਹੈ। ਪੰਜਾਬ ਯੋਧਿਆਂ ਦੀ ਧਰਤੀ ਹੈ ਅਤੇ ਦੇਸ਼ ਦੀ ਸੈਨਾ ਦੀ ਤਾਕਤ ਵਿਚ ਪੰਜਾਬ ਦਾ ਮਹੱਤਵਪੂਰਨ ਯੋਗਦਾਨ ਹੈ। ਸੈਨਿਕ ਸਕੂਲ ਕਪੂਰਥਲਾ ਇਕ ਸ਼ਾਨਦਾਰ ਸਕੂਲ ਹੈ। ਇਥੇ ਦਾ ਢਾਂਚਾ ਜਿੰਨਾ ਸੁੰਦਰ ਹੈ, ਉਨ੍ਹਾਂ ਤੋਂ ਵੀ ਵੱਧ ਇੱਥੇ ਦੇ ਕੈਡਿਟਸ ਪ੍ਰਤਿਭਾਵਾਨ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਲੋਂ ਪ੍ਰਿੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਨੂੰ ਕਮੈਂਡੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੈਨਿਕ ਸਕੂਲ ਕਪੂਰਥਲਾ ਦੀ ਪੱਤਰਿਕਾ ‘ਸੈਕੇਪਿਅਨ’ ਵੀ ਜਾਰੀ ਕੀਤਾ ਗਿਆ। ਅੰਤ ਵਿਚ ਅਕਾਦਮਿਕ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਪ੍ਰਮਾਣ ਪੱਤਰ, ਯਾਦਗਾਰੀ ਚਿੰਨ੍ਹ ਅਤੇ ਟ੍ਰਾਫੀਆਂ ਦੇ ਕੇ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ’ਤੇ ਇਕ ਗੌਰਵਸ਼ਾਲੀ ਟ੍ਰਾਫੀ ਜਨਤਕ ਤੌਰ ’ਤੇ ਜਾਰੀ ਕੀਤੀ ਗਈ, ਜੋ ਕਾਕ ਹਾਊਸ ਟ੍ਰਾਫੀ ਸੀ। ਇਹ ਟ੍ਰਾਫੀ ਮਾਣਯੋਗ ਰਾਜਪਾਲ ਵੱਲੋਂ ਸਕੂਲ ਨੂੰ ਭੇਟ ਕੀਤੀ ਗਈ, ਜੋ ਸਿੱਖਿਆਤਮਕ ਵਰ੍ਹੇ ਦੌਰਾਨ ਹਰ ਪੱਖੋਂ ਅਨੁਸ਼ਾਸਨ, ਪ੍ਰੀਖਿਆ ਨਤੀਜੇ, ਖੇਡਾਂ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਵਿਚ ਸਰਵੋਤਮ ਰਹਿਣ ਵਾਲੇ ਹਾਊਸ ਨੂੰ ਪ੍ਰਦਾਨ ਕੀਤੀ ਜਾਵੇਗੀ। ਵਰ੍ਹਾ 2025 ਲਈ ਸਰੋਜਿਨੀ ਹਾਊਸ ਨੂੰ ਕਾਕ ਹਾਊਸ ਘੋਸ਼ਿਤ ਕੀਤਾ ਗਿਆ। ਸਕੂਲ ਦੇ ਸਿੱਖਿਆਤਮਕ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਦੋ ਅਧਿਆਪਕਾਂ ਮੁਨੀਸ਼ ਸ਼ਰਮਾ ਅਤੇ ਸ਼੍ਰੀਮਤੀ ਪ੍ਰੀਤੀ ਮੇਹਤਾ ਅਤੇ ਮੈੱਸ ਪ੍ਰਬੰਧਕ ਰਾਜਕੁਮਾਰ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੌਰਾਨ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ ਏਵੀਐੱਸਐੱਮ, ਵੀਐੱਸਐੱਮ, ਜੀਓਸੀ 11 ਕੋਰਪਸ, ਮੇਜਰ ਜਨਰਲ ਅਤੁਲ ਭਦੌਰਿਆ ਵੀਐੱਸਐੱਮ, ਚੀਫ਼ ਆਫ ਸਟਾਫ (11 ਕੋਰਪਸ ਹੈੱਡਕੁਆਰਟਰ), ਬ੍ਰਿਗੇਡੀਅਰ ਪੀਪੀਐੱਸ ਮਾਨ ਐੱਸਐੱਮ, ਵੀਐੱਸਐੱਮ, ਕਮਾਂਡਰ (58 ਹੈੱਡਕੁਆਰਟਰ ਆਰਮਡ ਬ੍ਰਿਗੇਡ), ਉਪ ਪ੍ਰਿੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ ਅਤੇ ਪ੍ਰਸ਼ਾਸਕੀ ਅਧਿਕਾਰੀ ਲੈਫਟੀਨੈਂਟ ਕਰਨਲ ਉਮੇਸ਼ ਮੋਲੇ ਸਮੇਤ ਅਨੇਕ ਸਖਸ਼ੀਅਤਾਂ ਮੌਜੂਦ ਸਨ।