ਡੀਸੀ ਦੀ ਪਹਿਲਕਦਮੀ ਨਾਲ ਰੋਡ ਸੰਘਰਸ਼ ਕਮੇਟੀ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ
ਡਿਪਟੀ ਕਮਿਸ਼ਨਰ ਦੀ ਪਹਿਲਕਦਮੀ ਨਾਲ ਰੋਡ ਸੰਘਰਸ਼ ਕਮੇਟੀ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ
Publish Date: Wed, 14 Jan 2026 09:11 PM (IST)
Updated Date: Thu, 15 Jan 2026 04:13 AM (IST)

* ਬਹੁਤੀਆਂ ਮੰਗਾਂ ’ਤੇ ਸਹਿਮਤੀ ਬਣੀ, ਧਰਨਾ ਨੌਂਵੇਂ ਦਿਨ ਵੀ ਜਾਰੀ * ਜੇਕਰ ਐੱਨਐੱਚਏ ਨੇ ਧੋਖਾ ਕੀਤਾ ਤਾਂ ਕਿਸਾਨ ਮਰਨ ਵਰਤ ’ਤੇ ਬੈਠਣਗੇ ਕੈਪਸ਼ਨ : 14ਕੇਪੀਟੀ37 ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਅਤੇ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕਰਨ ਸਮੇਂ। ਕੈਪਸ਼ਨ : 14ਕੇਪੀਟੀ38 ਟਿੱਬਾ ਵਿਖੇ ਰੋਡ ਸੰਘਰਸ਼ ਕਮੇਟੀ ਵੱਲੋਂ ਅਣਮਿੱਥੇ ਸਮੇਂ ਦੇ ਧਰਨੇ ਵਿੱਚ ਸ਼ਾਮਲ ਕਿਸਾਨ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਿੱਲੀ ਕੱਟੜਾ ਤੇ ਜਾਮਨਗਰ ਬਠਿੰਡਾ ਐਕਸਪ੍ਰੈੱਸ ਵੇਅ ਲਈ ਐਕਵਾਇਰ ਕੀਤੀ ਗਈ ਜ਼ਮੀਨ ਦਾ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਹੁਤ ਘੱਟ ਮੁਆਵਜ਼ਾ ਦਿੱਤੇ ਜਾਣ ਤੇ ਹੋਰ ਮੰਗਾਂ ਨੂੰ ਲੈ ਕੇ ਰੋਡ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਟਿੱਬਾ ਵਿਖੇ ਦਿੱਤਾ ਜਾ ਰਿਹਾ ਅਣਮਿੱਥੇ ਸਮੇਂ ਦਾ ਧਰਨਾ ਅੱਜ ਨੌਂਵੇਂ ਦਿਨ ਵੀ ਜਾਰੀ ਰਿਹਾ। ਇਸੇ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਵੱਲੋਂ ਬੀਤੇ ਦਿਨਾਂ ਤੋਂ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਅੱਜ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਮਿਸ਼ਰਾ, ਡਿਪਟੀ ਮੈਨੇਜਰ ਸ਼ਾਂਤਨੂੰ ਉਪਾਧਿਆਇ, ਡੀਆਰਓ ਮਨਦੀਪ ਸਿੰਘ ਮਾਨ, ਐੱਸਡੀਐੱਮ ਜਸ਼ਨਜੀਤ ਸਿੰਘ ਤੇ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਵਿਚਕਾਰ ਸੁਖਾਵੇਂ ਮਾਹੌਲ ’ਚ ਮੀਟਿੰਗ ਹੋਈ। ਇਸ ਮੌਕੇ ਹੋਰ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ। ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ ਜੋਸਨ ਨੇ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਉਠਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੇ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਜ਼ਮੀਨਾਂ ਐਕਵਾਇਰ ਕਰ ਲਈਆਂ ਅਤੇ ਉਨ੍ਹਾਂ ਦਾ ਮੁਆਵਜ਼ਾ ਬਾਜ਼ਾਰੀ ਕੀਮਤ ਤੋਂ ਬਹੁਤ ਘੱਟ ਦਿੱਤਾ।ਇਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਆਰਬੀਟਰੇਸ਼ਨ ਟ੍ਰਿਬਿਊਨਲ ਦੇ ਫੈਸਲੇ ਨੂੰ ਸੈਸ਼ਨ ਕੋਰਟ ਵਿੱਚ ਚੈਲੰਜ ਕੀਤਾ ਜ਼ੋ ਕਿਸਾਨਾਂ ਨਾਲ਼ ਵਿਸ਼ਵਾਸਘਾਤ ਕੀਤਾ।ਇਸ ਤੋਂ ਇਲਾਵਾ ਜ਼ਮੀਨਾਂ ਨੂੰ ਰਸਤੇ ਦੇਣ, ਪਾਈਪ ਲਾਈਨਾਂ, ਬੋਰਾਂ ਦਾ ਮੁਆਵਜ਼ਾ ਤੇ ਰਹਿੰਦੀਆਂ ਜ਼ਮੀਨਾਂ ਦਾ ਮੁਆਵਜ਼ਾ ਤੈਅ ਕਰਨ ਸੰਬੰਧੀ ਆਦਿ ਮੰਗਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਡਿਪਟੀ ਕਮਿਸ਼ਨਰ ਕਪੂਰਥਲਾ ਨੇ ਰੋਡ ਸੰਘਰਸ਼ ਕਮੇਟੀ ਦੀਆਂ ਮੰਗਾਂ ਨਾਲ ਸਹਿਮਤ ਹੁੰਦਿਆਂ ਡੀ ਆਰ ਓ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਨ੍ਹਾਂ ਮੰਗਾਂ ਦਾ ਹੱਲ ਸਮਾਂਬੱਧ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਮਿਸ਼ਰਾ ਨਾਲ ਵੀ ਰਸਤਿਆਂ ਅਤੇ ਸੈਕਸ਼ਨ 34 ਸੰਬੰਧੀ ਮਸਲਿਆਂ ਨੂੰ ਵਿਚਾਰਿਆ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਮਿਸ਼ਰਾ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪ੍ਰਭਾਵਿਤ ਕਿਸਾਨਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੇ ਰਸਤਿਆਂ ਸੰਬੰਧੀ ਕੱਲ੍ਹ ਤੋਂ ਅਧਿਕਾਰੀ ਸਰਵੇ ਕਰ ਕੇ ਹੱਲ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ ਕਿ ਉਹ ਖ਼ੁਦ 15 ਦਿਨਾਂ ਬਾਅਦ ਅੱਜ ਦੀ ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਪ੍ਰਗਤੀ ਰਿਪੋਰਟ ਲੈਣ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਅਤੇ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਸਮੀਖਿਆ ਕਰਿਆ ਕਰਨਗੇ।ਮੀਟਿੰਗ ਦੌਰਾਨ ਰੋਡ ਸੰਘਰਸ਼ ਦੇ ਆਗੂ ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ, ਇੰਦਰਜੀਤ ਸਿੰਘ ਲਿਫਟਰ, ਅਮਰਜੀਤ ਸਿੰਘ ਜੇਈ, ਤਰਸੇਮ ਸਿੰਘ, ਹਰਿੰਦਰ ਸਿੰਘ, ਰਣਜੀਤ ਸਿੰਘ ਰਾਣਾ ਟਾਇਲਾਂ ਵਾਲੇ, ਜਗਮੋਹਣ ਸਿੰਘ, ਜਗਦੀਪ ਸਿੰਘ ਗਾਂਧਾ ਸਿੰਘ ਵਾਲਾ ਆਦਿ ਹਾਜ਼ਰ ਸਨ। ਉੱਧਰ ਦੇਰ ਰਾਤ ਰੋਡ ਸੰਘਰਸ਼ ਕਮੇਟੀ ਦੀ ਟਿੱਬਾ ਵਿਖੇ ਧਰਨੇ ਵਾਲੇ ਸਥਾਨ ’ਤੇ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਅਧਿਕਾਰੀਆਂ ਨਾਲ਼ ਹੋਈ ਮੀਟਿੰਗ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਅਤੇ ਇਲਾਕੇ ਦੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਮੰਗਾਂ ਤੋਂ ਮੂੰਹ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਇਸੇ ਸਥਾਨ ਤੇ ਨਿਰਮਾਣ ਕਾਰਜ ਰੋਕ ਕੇ ਮਰਨ ਵਰਤ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਵਿਚਕਾਰ ਆਪਸੀ ਤਾਲਮੇਲ ਨਾ ਹੋਣ ਕਰਕੇ ਪ੍ਰਭਾਵਿਤ ਕਿਸਾਨਾਂ ਧੱਕਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਜਿਹੜੇ ਕੰਮ ਦੋ ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸਨ,ਉਹ ਇਨ੍ਹਾਂ ਅਧਿਕਾਰੀਆਂ ਦੀ ਜਵਾਬਦੇਹੀ ਨਾ ਹੋਣ ਕਰਕੇ ਲਟਕੇ ਹੋਏ ਹਨ। ਧਰਨੇ ਦੌਰਾਨ ਅੱਜ ਰਣਧੀਰ ਪੁਰ, ਗਿੱਲਾਂ,ਦੀਪੇਵਾਲ, ਕਾਲੇਵਾਲ, ਹੈਬਤਪੁਰ ਆਦਿ ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਨੇ ਹਾਜ਼ਰੀ ਭਰੀ। ਅਗਲੀ ਰਣਨੀਤੀ ਤੈਅ ਕਰਨ ਲਈ ਰੋਡ ਸੰਘਰਸ਼ ਕਮੇਟੀ ਦੀ ਮੀਟਿੰਗ 15 ਜਨਵਰੀ ਨੂੰ ਸਵੇਰੇ 10 ਵਜੇ ਟਿੱਬਾ ਵਿਖੇ ਹੋਵੇਗੀ।