ਝੱਲ ਠੀਕਰੀਵਾਲ ’ਚ ਸਮਾਗਮ ਕਰਵਾਇਆ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਪਿੰਡ ਝੱਲ ਠੀਕਰੀਵਾਲ ਵਿਖੇ ਸਮਾਗਮ ਆਯੋਜਿਤ
Publish Date: Thu, 27 Nov 2025 08:09 PM (IST)
Updated Date: Thu, 27 Nov 2025 08:11 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਸ਼ਤਾਬਦੀ ਗੁਰਪੁਰਬ ਪਿੰਡ ਝੱਲ ਠੀਕਰੀਵਾਲ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹੀਦੀ ਗੁਰਪੁਰਬ ਸਬੰਧੀ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਗਿਆਨੀ ਸ਼ੁੱਭਕਰਨ ਸਿੰਘ ਜੀ ਵੱਲੋਂ ਕਥਾ ਵਿਚਾਰ ਅਤੇ ਭਾਈ ਕੰਵਲਜੀਤ ਸਿੰਘ ਖਾਲਸਾ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਜੈਮਲ ਸਿੰਘ ਦੇ ਜਥੇ ਨੇ ਕਵੀਸ਼ਰੀ ਰਾਹੀਂ ਸੰਗਤਾਂ ਨਾਲ ਗੁਰਮਤਿ ਦੀ ਸਾਂਝ ਪਾਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬੇਮਿਸਾਲ ਹੈ ਅਤੇ ਉਹ ਮਨੁੱਖੀ ਹੱਕਾਂ ਲਈ ਸ਼ਹੀਦੀ ਦੀ ਵਿਲੱਖਣ ਮਿਸਾਲ ਸਨ, ਜਿਨ੍ਹਾਂ ਦਾ ਜੀਵਨ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਨਿਆਂ ਦੀ ਰੱਖਿਆ ਦਾ ਅਮਰ ਪ੍ਰਤੀਕ ਹੈ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੇ ਨਾਲ ਬੰਦੀ ਬਣਾਇਆ ਗਿਆ ਅਤੇ ਇਸਲਾਮ ਕਬੂਲ ਨਾ ਕਰਨ ’ਤੇ ਉਨ੍ਹਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦਾ ਬਲੀਦਾਨ ਵਿਸ਼ਵ ਮਾਨਵਤਾ ਨੂੰ ਸਾਹਸ, ਸੱਚ ਅਤੇ ਨਿਆਂ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਸਾਨੂੰ ਉਨ੍ਹਾਂ ਦੇ ਅਮੀਰ ਇਤਿਹਾਸ ਅਤੇ ਅਧਿਆਤਮਿਕ ਵਿਰਾਸਤ ਨਾਲ ਜੋੜਦੇ ਹਨ ਬਲਕਿ ਉਨ੍ਹਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰਦੇ ਹਨ। ਪੂਰੇ ਸਮਾਗਮ ਨੇ ਇਹ ਸੰਦੇਸ਼ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ ਹੈ, ਸਗੋਂ ਮਨੁੱਖਤਾ ਲਈ ਇਕ ਸਦੀਵੀ ਪ੍ਰੇਰਨਾ ਹੈ। ਅੰਤ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਅਤੇ ਸਰਪੰਚ ਵਿਜੇ ਕੁਮਾਰ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਕੈਪਸ਼ਨ : 27ਕੇਪੀਟੀ42