ਸ਼ਾਇਰ ਧਰਮ ਪਾਲ ਪੈਂਥਰ ਨਾਲ ਰੂ-ਬ-ਰੂ ਸਮਾਗਮ ਕਰਵਾਇਆ
ਸ਼ਾਇਰ ਧਰਮ ਪਾਲ ਪੈਂਥਰ ਨਾਲ ਰੂਬਰੂ ਸਮਾਗਮ ਕਰਵਾਇਆ
Publish Date: Thu, 08 Jan 2026 08:14 PM (IST)
Updated Date: Thu, 08 Jan 2026 08:15 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਚੇਤਨਾ ਅਸੋਸੀਏਸ਼ਨ ਆਫ ਕੈਨੇਡਾ ਅਤੇ ਸੀ ਫੇਸ ਕੈਨੇਡਾ ਵੱਲੋਂ ਸਾਂਝੇ ਤੌਰ ’ਤੇ ਭੀਮਾ ਕੋਰੇਗਾਓਂ ਵਿਜੇ ਦਿਵਸ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸ਼ਾਇਰ ਧਰਮ ਪਾਲ ਪੈਂਥਰ ਨਾਲ ਰੂ-ਬ-ਰੂ ਸਮਾਗਮ ਪੰਜਾਬ ਬੈਂਕਟ ਹਾਲ ਸਰੀ ਕੈਨੇਡਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਡਾਇਰੈਕਟਰ ਜੈ ਵਿਰਦੀ, ਜਨਰਲ ਸਕੱਤਰ ਜੈ ਰਾਮ ਬੈਂਸ, ਗੁਰਦਾਸ ਰਾਮ ਆਲਮ ਲੋਕ ਕਵੀ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਮਲੂਕ ਚੰਦ ਕਲੇਰ, ਸੀ ਫੇਸ ਸੋਸਾਇਟੀ ਤੋਂ ਭੁਪਿੰਦਰ ਸਿੰਘ ਲੱਧੜ ਅਤੇ ਐਸਰੋ ਕੈਨੇਡਾ ਦੇ ਪ੍ਰਧਾਨ ਰਛਪਾਲ ਭਾਰਦਵਾਜ ਆਦਿ ਨੇ ਸਾਂਝੇ ਤੌਰ ’ਤੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਸਹਾਇਕ ਸਕੱਤਰ ਸਾਬਕਾ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਸਿੰਘ ਸੰਧੂ ਨੇ ਭੀਮਾ ਕੋਰੇਗਾਓਂ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਨ 2018 ਵਿਚ ਜਦੋਂ ਪੇਸ਼ਵਾ ਦੀ 28000 ਫੌਜ ਨੇ ਆਦਿਵਾਸੀ ਭਾਈਚਾਰੇ ਦੇ ਮਹਾਰਾਂ ’ਤੇ ਹਮਲਾ ਕੀਤਾ ਤਾਂ ਮਹਾਰਾਂ ਦੇ 500 ਜਵਾਨਾਂ ਨੇ ਲੜਾਈ ਵਿਚ ਉਨ੍ਹਾਂ ਨੂੰ ਮਾਤ ਪਾ ਕੇ ਜਿੱਤ ਪ੍ਰਾਪਤ ਕੀਤੀ ਸੀ। ਅੰਗਰੇਜ਼ ਹਕੂਮਤ ਨੇ ਉਨ੍ਹਾਂ ਬਹਾਦਰ ਸੈਨਿਕਾਂ ਦੀ ਯਾਦ ਵਿਚ ਵਿਜੈ ਸਤੰਭ ਬਣਾਇਆ ਹੋਇਆ ਹੈ, ਜਿਥੇ ਹਰ ਸਾਲ 1 ਜਨਵਰੀ ਨੂੰ ਵੱਡੇ ਪੱਧਰ ’ਤੇ ਮੇਲਾ ਲੱਗਦਾ ਹੈ। ਸੀਨੀਅਰ ਵਾਈਸ ਪ੍ਰਧਾਨ ਭੈਣ ਮਨਜੀਤ ਬੈਂਸ ਨੇ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਾਤਾ ਸਵਿੱਤਰੀ ਬਾਈ ਫੂਲੇ ਭਾਰਤ ਦੀ ਉਹ ਮਹਾਨਾਇਕਾ ਹੋਈ, ਜਿਸ ਨੇ ਨਾਰੀ ਜਾਤੀ ਨੂੰ ਪੜ੍ਹਾਉਣ ਦਾ ਉਪਰਾਲਾ ਕੀਤਾ। ਰੂੜੀਵਾਦੀ ਸਮਾਜ ਜਿਹੜਾ ਮਹਿਲਾਵਾਂ ਨੂੰ ਗੁਲਾਮ ਬਣਾਈ ਰੱਖਣਾ ਚਾਹੁੰਦਾ ਸੀ, ਉਨ੍ਹਾਂ ਨੇ ਮਾਤਾ ਜੀ ਨੂੰ ਬਹੁਤ ਹੀ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਪਰ ਉਹ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਹਿੰਮਤ ਨਹੀਂ ਹਾਰੀ। ਮਾਤਾ ਜੀ ਨੇ ਆਪਣੇ ਜੀਵਨ ਸਾਥੀ ਰਾਸ਼ਟਰ ਪਿਤਾ ਮਹਾਤਮਾ ਜਯੋਤੀ ਬਾ ਫੂਲੇ ਨਾਲ ਮਿਲ ਕੇ ਅਠਾਰਾਂ ਸਕੂਲ ਖੋਲ੍ਹੇ, ਵਿਧਵਾ ਮਹਿਲਾਵਾਂ ਲਈ ਆਸ਼ਰਮ ਬਣਾਏ, ਰੋਗੀਆਂ ਲਈ ਦਵਾਖ਼ਾਨੇ ਖੋਲ੍ਹਣ ਆਦਿ ਵਰਗੇ ਅਨੇਕਾਂ ਹੀ ਸਮਾਜ ਭਲਾਈ ਦੇ ਕਾਰਜ ਕਰਕੇ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਉਪਰਾਲੇ ਕੀਤੇ। ਦੂਸਰੇ ਦੌਰ ਵਿਚ ਸ਼ਾਇਰ ਧਰਮ ਪਾਲ ਪੈਂਥਰ ਨਾਲ ਰੂ-ਬ-ਰੂ ਦੌਰਾਨ ਚੇਤਨਾ ਐਸੋਸੀਏਸ਼ਨ ਦੇ ਪ੍ਰਧਾਨ ਜੈ ਬਿਰਦੀ, ਕੈਸ਼ੀਅਰ ਸੁਰਜੀਤ ਬੈਂਸ ਅਤੇ ਰਛਪਾਲ ਭਾਰਦਵਾਜ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੈਂਥਰ ਨੇ ਜਵਾਨੀ ਤੋਂ ਲੈ ਕੇ ਹੁਣ ਤੱਕ ਅਨੇਕਾਂ ਸੰਘਰਸ਼ ਕੀਤੇ। ਮਾਨਵਤਾਵਾਦੀ ਮਹਾਂਪੁਰਸ਼ ਮਹਾਮਾਨਵ ਤਥਾਗਤ ਬੁੱਧਾ, ਸ੍ਰੀ ਗੁਰੂ ਰਵਿਦਾਸ, ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ, ਮਹਾਤਮਾ ਜਯੋਤੀ ਬਾ ਫੂਲੇ, ਮਾਤਾ ਸਵਿੱਤਰੀ ਬਾਈ ਫੂਲੇ, ਮਾਤਾ ਰਮਾ ਬਾਈ, ਪੈਰੀਅਰ ਰਾਮਾ ਸਵਾਮੀ ਨਾਇਕਰ ਅਤੇ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਤੇ ਮਿਸ਼ਨ ਸਬੰਧੀ ਵਿਚਾਰ ਗੋਸ਼ਟੀਆਂ ਅਤੇ ਸੈਮੀਨਾਰਾਂ ਦੇ ਮਾਧਿਅਮ ਤੋਂ ਘਰ ਘਰ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਸਰਕਾਰੀ ਨੌਕਰੀ ਦਰਮਿਆਨ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ੀਲ ਰਹੇ। ਟੀਮ ਦੇ ਸਾਥੀਆਂ ਨਾਲ ਮਿਲ ਕੇ ਦਲਿਤ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਨੇਕਾਂ ਸਮਾਜਸੇਵੀ ਕੰਮ ਕੀਤੇ। ਸਮਾਜ ਨੂੰ ਬੌਧਿਕ ਪੱਧਰ ਤੇ ਮਜਬੂਤ ਬਣਾਉਣ ਲਈ ਦੋ ਪੁਸਤਕਾਂ ਨਵੀਆਂ ਲੀਹਾਂ ਅਤੇ ਵਿਵਸਥਾ ਪਰਿਵਰਤਨ ਸਾਹਿਤ ਦੀ ਝੋਲੀ ਵਿਚ ਪਾਈਆਂ। ਬਹੁਪੱਖੀ ਸ਼ਖ਼ਸੀਅਤ ਧਰਮ ਪਾਲ ਪੈਂਥਰ ਨੂੰ ਸਨਮਾਨਿਤ ਕਰਕੇ ਚੇਤਨਾ ਅਸੋਸੀਏਸ਼ਨ ਆਫ ਕੈਨੇਡਾ ਅਤੇ ਸੀ ਫੇਸ ਕੈਨੇਡਾ ਮਾਣ ਮਹਿਸੂਸ ਕਰ ਰਹੀ ਹੈ। ਇਸ ਮੌਕੇ ਕਵਿੱਤਰੀ ਮਨਜੀਤ ਬੈਂਸ ਨੇ ਕਵਿਤਾ ਸਾਨੂੰ ਨਹੀਂ ਚਾਹੀਦਾ ਹਿੰਦੂਸਤਾਨ, ਮਲਿਕਾ ਭਾਟੀਆ ਨੇ ਸਾਡੀ ਮੱਤ ਮਾਰੀ ਭਗਵਾਨਾਂ ਨੇ, ਕੁੱਝ ਵਿਹਲੜ ਅਤੇ ਸ਼ੈਤਾਨਾਂ ਨੇ ਅਤੇ ਸੁੱਖਪ੍ਰੀਤ ਬਰਾੜ ਨੇ ਜੀ ਕਰਦਾ ਮੈਂ ਬੁੱਢਾ ਹੋਵਾਂ ਤੋਂ ਇਲਾਵਾ ਧਰਮ ਪਾਲ ਪੈਂਥਰ ਨੇ ਅਪਣੀਆਂ ਦੋ ਕਵਿਤਾਵਾਂ ਰਵਿਦਾਸ ਰਹੇ ਪ੍ਰਸੰਨ ਅਤੇ ਕੱਖਪਤੀ ਤੋਂ ਲੱਖਪਤੀ ਗਾ ਕੇ ਸਰੋਤਿਆਂ ਵਿਚ ਜੋਸ਼ ਭਰ ਦਿੱਤਾ। ਧਰਮ ਪਾਲ ਪੈਂਥਰ ਨੇ ਦੋਨਾਂ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੋ ਇਤਿਹਾਸਕ ਦਿਨਾਂ ਦੇ ਸ਼ੁੱਭ ਮੌਕੇ ਤੇ ਵਿਸ਼ੇਸ ਤੌਰ ’ਤੇ ਸਨਮਾਨਿਤ ਹੋਣਾ ਮੇਰੀ ਜ਼ਿੰਦਗੀ ਦਾ ਯਾਦਗਾਰੀ ਦਿਨ ਬਣ ਗਿਆ ਹੈ। ਪੈਂਥਰ ਨੇ ਕਿਹਾ ਕਿ ਬੇਸ਼ੱਕ ਸਾਥੀ ਪਰਿਵਾਰਾਂ ਸਮੇਤ ਲੰਬੇ ਸਮੇ ਤੋਂ ਵਿਦੇਸ਼ਾਂ ਦੀ ਧਰਤੀ ’ਤੇ ਰਹਿ ਰਹੇ ਹਨ ਪਰ ਆਪਣੀ ਧਰਤੀ ਅਤੇ ਸਮਾਜ ਨੂੰ ਨਹੀਂ ਭੁੱਲੇ। ਉਹ ਹਮੇਸ਼ਾ ਇਸ ਗੱਲ ਲਈ ਚਿੰਤਤ ਰਹਿੰਦੇ ਹਨ ਕਿ ਸਮਾਜ ਨੂੰ ਉੱਚਾ ਚੁੱਕਣ ਲਈ ਕੀ ਕੀਤਾ ਜਾਵੇ। ਪੈਂਥਰ ਨੇ ਭਰੋਸਾ ਦਿਵਾਇਆ ਕਿ ਜਦੋਂ ਤੱਕ ਜ਼ਿੰਦਗੀ ਹੈ, ਦਲਿਤ ਸਮਾਜ ਦੇ ਵਿਕਾਸ ਲਈ ਲਿਖਦਾ ਅਤੇ ਕੰਮ ਕਰਦਾ ਰਹਾਂਗਾ। ਪ੍ਰਬੰਧਕਾਂ ਵੱਲੋਂ ਧਰਮ ਪਾਲ ਪੈਂਥਰ ਅਤੇ ਉਨ੍ਹਾਂ ਦੇ ਜੀਵਨ ਸਾਥੀ ਪਾਲ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜੈ ਵਿਰਦੀ ਅਤੇ ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਸਹਿਯੋਗ ਦੀ ਆਸ ਰੱਖੀ। ਸਮਾਗਮ ਨੂੰ ਸਫਲ ਬਣਾਉਣ ਲਈ ਸਾਬਕਾ ਪ੍ਰਧਾਨ ਹਰਮੇਸ਼ ਚੰਦਰ, ਮੀਡੀਆ ਇੰਚਾਰਜ ਨਿਰੰਜਨ ਸਿੰਘ, ਭੈਣ ਨਿਰਮਲਾ ਬਿਰਦੀ, ਉਰਮਿਲਾ ਝੱਲੀ, ਪਾਲ ਕੌਰ, ਗੁਰਮੀਤ ਬੈਂਸ, ਅਜੀਤ ਸਿੰਘ ਮੇਹਰਾ, ਇੰਦਰਜੀਤ ਲੱਧੜ, ਮਨਜੀਤ ਸਿੰਘ ਚੀਮਾ, ਅਨੁਰਾਗ ਭਾਟੀਆ ਅਤੇ ਦਿਨੇਸ਼ ਕੁਮਾਰ ਆਦਿ ਨੇ ਮਹੱਤਵਪੂਰਨ ਭੂਮਿਕਾ ਨਿਭਾਈ।