ਹਲਕਾ ਭੁਲੱਥ ਤੋਂ ਬਲਾਕ ਸੰਮਤੀ ਦੇ 50 ਉਮੀਦਵਾਰ ਚੋਣ ਮੈਦਾਨ ’ਚ
ਹਲਕਾ ਭੁਲੱਥ ਦੇ ਬਲਾਕ ਸੰਮਤੀ ਵਿੱਚ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ 50 ਉਮੀਦਵਾਰ ਚੋਣ ਮੈਦਾਨ ਵਿੱਚ
Publish Date: Sat, 06 Dec 2025 10:10 PM (IST)
Updated Date: Sat, 06 Dec 2025 10:12 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਹਲਕਾ ਭੁਲੱਥ ਦੀ ਬਲਾਕ ਸੰਮਤੀ ਚੋਣਾਂ ਦੌਰਾਨ ਕੁੱਲ 89 ਫਾਈਲਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਭਰੀਆਂ ਗਈਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਰਜਿੰਦਰ ਸਿੰਘ ਤੇ ਸਹਾਇਕ ਰਿਟਰਨਿੰਗ ਅਫਸਰ ਈਓ ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਬਲਾਕ ਸੰਮਤੀ ਚੋਣਾਂ ਲਈ ਕੁੱਲ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ, ਜਿਨ੍ਹਾਂ ਵਿਚੋਂ 8 ਉਮੀਦਵਾਰਾਂ ਦੇ ਪੜਤਾਲ ਦੌਰਾਨ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ ਜ਼ੋਨ ਲੱਖਣ ਕੇ ਪੱਡਾ ਤੋਂ ਕਾਂਗਰਸੀ ਉਮੀਦਵਾਰ ਪੂਰਨ ਸਿੰਘ ਤੇ ਜ਼ੋਨ ਚੱਕੋਕੀ ਤੋਂ ਕਾਂਗਰਸੀ ਉਮੀਦਵਾਰ ਜੋਬਨਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਜਦਕਿ ਜ਼ੋਨ ਪੱਡਾ ਬੇਟ ਤੋਂ ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜਿੰਦਰ ਕੌਰ ਜਦਕਿ ਜ਼ੋਨ ਨੰਗਲ ਲੁਬਾਣਾ ਤੋਂ ਕਾਂਗਰਸੀ ਉਮਦੀਵਾਰ ਹਰਦੇਵ ਸਿੰਘ ਤੇ ਕਮਲਜੀਤ ਕੌਰ ਮੁਲਤਾਨੀ ਅਤੇ ਜ਼ੋਨ 17 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਸ਼ਮੀਰ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਇਨ੍ਹਾਂ ਨਾਮਜ਼ਦਗੀਆਂ ਦੇ ਰੱਦ ਹੋਣ ਤੋਂ ਬਾਅਦ ਕੁੱਲ 81 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਸਨ ਜਿਨ੍ਹਾਂ ’ਚੋਂ ਅੱਜ 31 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਵਾਪਸ ਲੈ ਲਈ ਗਈ, ਜਿਸ ਦੇ ਉਪਰੰਤ ਹੁਣ 22 ਜ਼ੋਨਾਂ ਵਿਚ 50 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।