ਨਕਲੀ ਲੂਣ ਦੀਆਂ 41 ਬੋਰੀਆਂ ਫੜੀਆਂ, ਮਾਮਲਾ ਦਰਜ
ਕਪੂਰਥਲਾ ਵਿਚੋਂ ਨਕਲੀ ਲੂਣ ਦਾ 41 ਬੋਰੀਆਂ ਸਟਾਕ ਫੜਿਆ, ਮਾਮਲਾ ਦਰਜ
Publish Date: Sat, 06 Dec 2025 09:22 PM (IST)
Updated Date: Sat, 06 Dec 2025 09:24 PM (IST)

--ਟਾਟਾ ਕੰਪਨੀ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ --ਜ਼ਮਾਨਤ ਤੋਂ ਬਾਅਦ ਮੁਲਜ਼ਮ ਨੂੰ ਛੱਡਿਆ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਵਿਚ ਇਕ ਹੋਲਸੇਲ ਕਰਿਆਨਾ ਵਪਾਰੀ ਦੇ ਗੁਦਾਮ ਤੋਂ ਕਥਿਤ ਨਕਲੀ ਟਾਟਾ ਲੂਣ ਬਰਾਮਦ ਹੋਣ ਦੀ ਖਬਰ ਹੈ। ਟਾਟਾ ਕੰਪਨੀ ਦੇ ਅਧਿਕਾਰੀ ਦੀ ਸ਼ਿਕਾਇਤ ਉੱਤੇ ਸਿਟੀ ਥਾਨਾ ਪੁਲਿਸ ਨੇ ਵਪਾਰੀ ਦੇ ਗੁਦਾਮ ਵਿਚ ਛਾਪੇਮਾਰੀ ਕਰ 50-50 ਕਿੱਲੋ ਦੇ 41 ਬੋਰੇ ਬਰਾਮਦ ਕੀਤੇ ਹਨ। ਸਿਟੀ ਥਾਣਾ ਪੁਲਿਸ ਨੇ ਮੁਲਜ਼ਮ ਵਪਾਰੀ ਦੇ ਖਿਲਾਫ ਕਾਪੀਰਾਈਟ ਐਕਟ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਉਸਨੂੰ ਕਾਬੂ ਕਰ ਲਿਆ ਹੈ। ਇਸਦੀ ਪੁਸ਼ਟੀ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਨੇ ਕਰਦੇ ਹੋਏ ਦੱਸਿਆ ਕਿ ਐੱਫਆਈਆਰ ਵਿਚ ਜ਼ਮਾਨਤੀ ਧਾਰਾਵਾਂ ਦੇ ਕਾਰਨ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਟਾਟਾ ਨਾਮਕ ਕੰਪਨੀ ਦੇ ਅਧਿਕਾਰੀ ਹਰਦੀਪ ਕੁਮਾਰ ਪੁੱਤਰ ਰਤਨ ਲਾਲ ਵਾਸੀ ਲੁਧਿਆਣਾ ਨੇ ਐੱਸਐੱਸਪੀ ਕਪੂਰਥਲਾ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਪੂਰਥਲਾ ਵਿਚ ਸਰਕੂਲਰ ਰੋਡ ’ਤੇ ਇਕ ਹੋਲਸੇਲ ਕਰਿਆਨਾ ਵਪਾਰੀ ਟਾਟਾ ਕੰਪਨੀ ਦਾ ਨਕਲੀ ਲੂਣ ਵੇਚਦਾ ਹੈ ਅਤੇ ਉਸਦੇ ਗੁਦਾਮ ਵਿਚ ਨਕਲੀ ਟਾਟਾ ਲੂਣ ਦਾ ਸਟਾਕ ਵੀ ਰੱਖਿਆ ਹੋਇਆ ਹੈ। ਕੰਪਨੀ ਅਧਿਕਾਰੀ ਦੀ ਹਾਜ਼ਰੀ ਵਿਚ ਸਿਟੀ ਥਾਣਾ ਪੁਲਿਸ ਨੇ ਜਦੋਂ ਵਪਾਰੀ ਦੇ ਗੁਦਾਮ ਵਿਚ ਜਾਂਚ ਕੀਤੀ ਤਾਂ ਉਥੇ 50-50 ਕਿੱਲੋ ਵਾਲੇ 41 ਬੋਰੇ ਨਕਲੀ ਟਾਟਾ ਲੂਣ ਦੇ ਪਾਏ ਗਏ। ਕੰਪਨੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਉਨ੍ਹਾਂ ਦੀ ਕੰਪਨੀ ਦਾ ਪ੍ਰੋਡਕਟ ਨਹੀਂ ਹੈ, ਸਗੋਂ ਨਕਲੀ ਹੈ। ਥਾਣਾ ਸਿਟੀ ਪੁਲਿਸ ਨੇ ਅਧਿਕਾਰੀ ਹਰਦੀਪ ਕੁਮਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਵਪਾਰੀ ਸੁਮਿਤ ਉੱਤੇ ਕਾਪੀਰਾਈਟ ਦੀ ਧਾਰਾ 63, 64 ਦੇ ਤਹਿਤ ਐੱਫਆਈਆਰ ਦਰਜ ਕਰ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਰਾਮਦ ਲੂਣ ਦੇ ਸਟਾਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਥੇ ਹੀ ਜਾਂਚ ਅਧਿਕਾਰੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।