21 ਨੂੰ ਕਪੂਰਥਲਾ ਪੁੱਜੇਗੀ ਸ਼ਹੀਦੀ ਸ਼ਤਾਬਦੀ ਯਾਤਰਾ
350ਵਾਂ ਸ਼ਹੀਦੀ ਦਿਹਾੜਾ : ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦੀ ਸ਼ਤਾਬਦੀ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ
Publish Date: Wed, 19 Nov 2025 06:52 PM (IST)
Updated Date: Wed, 19 Nov 2025 06:55 PM (IST)

-ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦੀ ਸ਼ਤਾਬਦੀ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ -ਸਮੂਹ ਅਧਿਕਾਰੀਆਂ-ਕਰਮਚਾਰੀਆਂ ਨੂੰ ਡਿਊਟੀ ਧਾਰਮਿਕ ਭਾਵਨਾ ਨਾਲ ਨਿਭਾਉਣ ਦੇ ਹੁਕਮ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਤਿ “ਸ਼ਹੀਦੀ ਸ਼ਤਾਬਦੀ ਯਾਤਰਾ” 21 ਨਵੰਬਰ ਨੂੰ ਕਪੂਰਥਲਾ ਵਿਖੇ ਦਾਖਲ ਹੋਣ ਉਪਰੰਤ ਕਰਤਾਰਪੁਰ ਤੋਂ ਹੁੰਦੀ ਹੋਈ ਜਲੰਧਰ ਲਈ ਰਵਾਨਾ ਹੋਵੇਗੀ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਪੰਜਾਬ ਭਰ ਵਿਚ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਅਤੇ ਇਸ ਸਬੰਧੀ ਵਿਸ਼ਾਲ ਯਾਤਰਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇਗੀ। ਉਨ੍ਹਾਂ ਦੱਸਿਆ ਕਿ 22 ਨਵੰਬਰ ਨੂੰ ਇਹ ਜਲੰਧਰ ਤੋਂ ਫਗਵਾੜਾ ਹੁੰਦੀ ਹੋਈ ਅੱਗੇ ਬੰਗਾ ਨੂੰ ਰਵਾਨਾ ਹੋਵੇਗੀ। ਯਾਤਰਾ ਦੌਰਾਨ ਸੰਗਤ ਲਈ ਮੁੰਡੀ ਮੋੜ, ਉੱਚਾ, ਪਰਵੇਜ ਨਗਰ ਤੇ ਕਪੂਰਥਲਾ ਬੱਸ ਸਟੈਂਡ ਵਿਖੇ ਲੰਗਰਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲੈਂਸਾਂ ਵੀ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਵਲੋਂ ਕਮਿਸ਼ਨਰ ਨਗਰ ਨਿਗਮ ਨੂੰ ਯਾਤਰਾ ਦੇ ਰੂਟ ਦੀ ਸਮੁੱਚੀ ਸਾਫ-ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਯਾਤਰਾ ਗੋਇੰਦਵਾਲ ਸਾਹਿਬ ਨੇੜੇ ਬਿਆਸ ਦਰਿਆ ਉੇਪਰ ਬਣੇ ਪੁਲ ਤੋਂ ਜ਼ਿਲ੍ਹਾ ਕਪੂਰਥਲਾ ਵਿਚ ਦਾਖਲ ਹੋਵੇਗੀ ਤੇ ਯਾਤਰਾ ਦੇ ਸਵਾਗਤ ਲਈ ਜ਼ਿਲਾ ਪ੍ਰਸ਼ਾਸਨ, ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਸਮੇਂ ਅਨੁਸਾਰ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਯਾਤਰਾ ਦੇ ਸਨਮਾਨ ਵਿਚ ਗਾਰਡ ਆਫ ਆਨਰ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯਾਤਰਾ ਦੀ ਮਰਿਆਦਾ ਤੇ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਹਰੇਕ ਅਧਿਕਾਰੀ/ਕਰਮਚਾਰੀ ਨੂੰ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਣ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਯਾਤਰਾ ਦੇ ਰੂਟ ਤੇ ਸਾਫ-ਸਫ਼ਾਈ ਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਤੇ ਸੜਕੀ ਆਵਾਜਾਈ ਦੇ ਸੁਚੱਜੇ ਰੂਟ ਪਲਾਨ ਦੇ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਤਾਂ ਜੋ ਯਾਤਰਾ ਦੇ ਰੂਟ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ (ਵ) ਵਰਿੰਦਰਪਾਲ ਸਿੰਘ ਬਾਜਵਾ, ਐੱਸਡੀਐੱਮ ਕਪੂਰਥਲ਼ਾ ਮੇਜਰ ਡਾ. ਇਰਵਿਨ ਕੌਰ, ਐੱਸਡੀਐੱਮ ਸੁਲਤਾਨਪੁਰ ਲੋਧੀ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਵਿਸ਼ਾਲ ਵਾਟਸ ਤੇ ਹੋਰ ਅਧਿਕਾਰੀ ਹਾਜ਼ਰ ਸਨ। ਕੈਪਸ਼ਨ : 19ਕੇਪੀਟੀ2