ਵੱਖ-ਵੱਖ ਥਾਵਾਂ ਤੋਂ ਤਿੰਨ ਮੋਟਰਸਾਈਕਲ ਤੇ ਤਿੰਨ ਐਕਟਿਵਾ ਚੋਰੀ
-ਵਾਹਨ ਚੋਰੀ ਦੀਆਂ ਘਟਨਾਵਾਂ
Publish Date: Thu, 04 Dec 2025 11:35 PM (IST)
Updated Date: Thu, 04 Dec 2025 11:38 PM (IST)
-ਵਾਹਨ ਚੋਰੀ ਦੀਆਂ ਘਟਨਾਵਾਂ ਤੋਂ ਸ਼ਹਿਰ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਇਸ ਵੇਲੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੀ ਦਹਿਸ਼ਤ ਫੈਲੀ ਹੋਈ ਹੈ। ਇਹ ਗਿਰੋਹ ਦੋਪਹੀਆ ਵਾਹਨ ਚੋਰੀ ਕਰਨ ਤੋਂ ਬਾਅਦ ਇਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਲਿਜਾ ਕੇ ਵੇਚ ਰਹੇ ਹਨ ਜਾਂ ਇਨ੍ਹਾਂ ਦੇ ਪੁਰਜ਼ੇ ਕੱਢ ਕੇ ਕਬਾੜੀਆਂ ਨੂੰ ਵੇਚ ਰਹੇ ਹਨ। ਇਸ ਕਾਰਨ ਕੋਈ ਵੀ ਵਾਹਨ ਚੋਰ ਪੁਲਿਸ ਦੇ ਹੱਥ ਨਹੀਂ ਆ ਰਿਹਾ। ਬੀਤੇ ਦਿਨੀਂ ਵੀ ਥਾਣਾ ਨੰਬਰ ਦੋ, ਥਾਣਾ ਨੰਬਰ ਚਾਰ, ਥਾਣਾ ਨੰਬਰ ਛੇ, ਥਾਣਾ ਬਾਰਾਦਰੀ ਤੇ ਥਾਣਾ ਰਾਮਾ ਮੰਡੀ ਦੀ ਹੱਦ ’ਚ ਦੋ ਪਈਆ ਵਾਹਨ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੀ ਸ਼ਿਕਾਇਤ ਥਾਣਿਆਂ ’ਚ ਦਿੱਤੀ ਗਈ ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲੇ ਦਰਜ ਹੋਏ ਹਨ। ਜਾਣਕਾਰੀ ਅਨੁਸਾਰ ਆਦਰਸ਼ ਨਗਰ ’ਚ ਦੀਪਕ ਬਜਾਜ ਵਾਸੀ ਜਲੰਧਰ ਹਾਈਟ ਦੀ ਐਕਟਿਵਾ ਨੰਬਰ ਪੀਬੀ-08-ਸੀਈ-4093 ਆਦਰਸ਼ ਨਗਰ ’ਚੋਂ ਚੋਰੀ ਹੋ ਗਈ ਤੇ ਇਸ ਦੀ ਸ਼ਿਕਾਇਤ ਥਾਣਾ ਨੰਬਰ ਦੋ ਦੀ ਪੁਲਿਸ ਨੂੰ ਦਿੱਤੀ ਗਈ ਹੈ। ਥਾਣਾ ਨੰਬਰ ਚਾਰ ਦੀ ਹੱਦ ’ਚ ਪੈਂਦੇ ਜਿਮਖਾਨਾ ਕਲੱਬ ਦੇ ਸਾਹਮਣੇ ਸੌਰਵ ਮਹਿਤਾ ਵਾਸੀ ਸ਼ਿਵਰਾਜਗੜ੍ਹ ਦਾ ਮੋਟਰਸਾਈਕਲ ਨੰਬਰ ਪੀਬੀ-08-ਈਟੀ-6982 ਤੇ ਸੁਮਿਤ ਵਾਸੀ ਕਾਕੀ ਪਿੰਡ ਦਾ ਮੋਟਰਸਾਈਕਲ ਨੰਬਰ ਪੀਬੀ-08-ਐੱਫਐੱਨ-7274 ਚੋਰੀ ਹੋ ਗਿਆ। ਦੋਵਾਂ ਵੱਲੋਂ ਥਾਣਾ ਨੰਬਰ ਚਾਰ ’ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਗੁਰਦੁਆਰਾ ਮਾਡਲ ਟਾਊਨ ਦੇ ਬਾਹਰੋਂ ਵਿਕਰਮ ਸਿੰਘ ਵਾਸੀ ਗੁਰੂ ਨਾਨਕ ਨਗਰ ਨਾਗਰਾ ਦਾ ਮੋਟਰਸਾਈਕਲ ਨੰਬਰ ਪੀਬੀ-08-ਸੀਡਬਲੳ-4936 ਚੋਰੀ ਹੋ ਗਿਆ, ਜਿਸ ਬਾਬਤ ਥਾਣਾ ਛੇ ’ਚ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਰਾਮਾ ਮੰਡੀ ਦੀ ਹੱਦ ’ਚ ਪੈਂਦੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਇਕ ਕਾਲਜ ਦੇ ਬਾਹਰੋਂ ਭੋਲਾ ਪ੍ਰਸ਼ਾਦ ਵਾਸੀ ਬੇਅੰਤ ਨਗਰ ਦੀ ਐਕਟਵਾ ਨੰਬਰ ਪੀਬੀ-08-ਸੀਵਾਈ-5037 ਤੇ ਦੀਪਕ ਢਿੱਲੋਂ ਵਾਸੀ ਪਿੰਡ ਚੌਹਕ ਕਲਾਂ ਦੀ ਐਕਟਵਾ ਨੰਬਰ ਪੀਬੀ-08-ਡੀਵਾਈ-8386 ਚੋਰੀ ਹੋ ਗਈ। ਦੋਵਾਂ ਨੇ ਇਸ ਦੀ ਸ਼ਿਕਾਇਤ ਥਾਣਾ ਰਾਮਾ ਮੰਡੀ ’ਚ ਦਿੱਤੀ ਜਿੱਥੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸਭ ਤੋਂ ਸੁਰੱਖਿਤ ਮੰਨੀ ਜਾਂਦੀ ਤਹਿਸੀਲ ਕੰਪਲੈਕਸ ਦੇ ਲਾਗੇ ਸਥਿਤ ਵਕੀਲਾਂ ਦੇ ਚੈਂਬਰ ਦੇ ਬਾਹਰੋਂ ਵਾਰਡ ਨੰਬਰ ਦੋ ਦੇ ਕੌਂਸਲਰ ਹਰਪ੍ਰੀਤ ਵਾਲੀਆ ਦਾ ਮੋਟਰਸਾਈਕਲ ਨੰਬਰ ਪੀਬੀ-08-ਡੀਕਿੳ-4743 ਚੋਰੀ ਹੋ ਗਿਆ। ਇਸ ਦੀ ਸ਼ਿਕਾਇਤ ਥਾਣਾ ਬਾਰਾਂਦਰੀ ’ਚ ਦੇ ਦਿੱਤੀ ਗਈ ਹੈ।