ਫਰਜ਼ੀ ਦਸਤਾਵੇਜ਼ਾਂ ’ਤੇ ਜ਼ਮਾਨਤ ਕਰਵਾਉਣ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ
ਹੁਣ ਤੱਕ ਕਰਵਾ ਚੁੱਕੇ
Publish Date: Wed, 19 Nov 2025 10:51 PM (IST)
Updated Date: Wed, 19 Nov 2025 10:52 PM (IST)

ਹੁਣ ਤੱਕ ਕਰਵਾ ਚੁੱਕੇ ਹਨ 50 ਤੋਂ ਵੱਧ ਦੋਸ਼ੀਆਂ ਦੀਆਂ ਜ਼ਮਾਨਤਾਂ ਪੁਲਿਸ ਨੇ ਲਿਆ ਦੋ ਦਿਨ ਦਾ ਰਿਮਾਂਡ, ਫਰਜ਼ੀ ਦਸਤਾਵੇਜ਼, ਫਰਦਾਂ ਤੇ ਮੋਹਰਾਂ ਬਰਾਮਦ ਜਾਸੰ, ਕਪੂਰਥਲਾ : ਜ਼ਿਲ੍ਹਾ ਪੁਲਿਸ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਦਾਲਤ ਤੋਂ ਮੁਲਜ਼ਮਾਂ ਦੀ ਜ਼ਮਾਨਤ ਕਰਵਾਉਣ ਵਾਲੇ ਗਿਰੋਹ ਦੇ ਦੋ ਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ ਵੱਡੀ ਮਾਤਰਾ ’ਚ ਜਾਅਲੀ ਦਸਤਾਵੇਜ਼ ਤੇ ਵੱਖ-ਵੱਖ ਅਹੁਦਿਆਂ ਦੀਆਂ ਮੋਹਰਾਂ ਵੀ ਬਰਾਮਦ ਕੀਤੀਆਂ ਹਨ। ਡੀਐੱਸਪੀ ਸਬ ਡਿਵੀਜ਼ਨ ਸ਼ੀਤਲ ਸਿੰਘ ਅਨੁਸਾਰ ਇਸ ਗਿਰੋਹ ਦਾ ਨੈੱਟਵਰਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਫੈਲਿਆ ਹੋਇਆ ਹੈ, ਜਿਸ ’ਚ ਕਈ ਜ਼ਿਲ੍ਹਿਆਂ ਦੇ ਵਕੀਲਾਂ ਦੇ ਮੁੰਸ਼ੀ ਵੀ ਸ਼ਾਮਲ ਹਨ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੂੰ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਸੀ ਗੁਰਪ੍ਰੀਤ ਸਿੰਘ ਤੇ ਵਿਕਟਰ ਮਸੀਹ ਜੇਲ੍ਹ ’ਚ ਬੰਦ ਵੱਖ-ਵੱਖ ਕੇਸਾਂ ਦੇ ਦੋਸ਼ੀਆਂ ਦੀ ਜ਼ਮਾਨਤ ਜਾਅਲੀ ਦਸਤਾਵੇਜ਼ ਤਿਆਰ ਕਰਕੇ ਅਦਾਲਤ ’ਚ ਪੇਸ਼ ਕਰਕੇ ਜ਼ਮਾਨਤ ਕਰਵਾਉਂਦਾ ਹੈ। ਇਸ ਗਿਰੋਹ ਦਾ ਨੈੱਟਵਰਕ ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ ਤੇ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ’ਚ ਸਰਗਰਮ ਹੈ। ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਤੇ ਵਿਕਟਰ ਮਸੀਹ ਬੀਤੇ ਦਿਨੀਂ ਸਤਨਾਮ ਸਿੰਘ ਪੰਚ ਬਲਰਾਮਪੁਰ ਦੇ ਜਾਅਲੀ ਦਸਤਾਵੇਜ਼, ਮੈਂਬਰ ਪੰਚਾਇਤ ਦਾ ਫਰਜ਼ੀ ਆਈਡੀ ਕਾਰਡ ਤੇ ਪੰਜ ਦੇ ਫਰਜ਼ੀ ਦਸਤਾਵੇਜ਼ ਤੇ ਮੋਹਰਾਂ ਲਗਾ ਕੇ ਥਾਣਾ ਸਿਟੀ ’ਚ ਸਾਲ 2023 ’ਚ ਦਰਜ ਐੱਫਆਈਆਰ ਨੰਬਰ 220 ਦੇ ਮੁਲਜ਼ਮ ਸਰਬਜੀਤ ਸਿੰਘ ਉਰਫ ਕਾਲਾ ਦੀ ਜ਼ਮਾਨਤ ਲਈ ਦਸਤਾਵੇਜ਼ ਤਿਆਰ ਕਰਕੇ ਜ਼ਮਾਨਤ ਕਰਵਾਉਣ ਦੀ ਤਾਕ ’ਚ ਹੈ। ਹਾਲਾਂਕਿ ਕੁਝ ਕਮੀਆਂ ਕਾਰਨ ਅਦਾਲਤ ਨੇ ਜ਼ਮਾਨਤ ਨਹੀਂ ਦਿੱਤੀ। ਇਸ ਤੋਂ ਬਾਅਦ ਉਕਤ ਮੁਲਜ਼ਮ ਵੱਲੋਂ ਦਾਖਲ ਕੀਤੇ ਗਏ ਦਸਤਾਵੇਜ਼ ਜਾਂਚ ’ਚ ਫਰਜ਼ੀ ਪਾਏ ਗਏ। ਡੀਐੱਸਪੀ ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਿਸ ਤੇ ਸਾਇੰਸ ਸਿਟੀ ਚੌਕੀ ਦੇ ਇੰਚਾਰਜ ਏਐੱਸਆਈ ਲਖਬੀਰ ਸਿੰਘ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਮੁਲਜ਼ਮ ਗੁਰਪ੍ਰੀਤ ਸਿੰਘ ਤੇ ਵਿਕਟਰ ਮਸੀਹ ਨੂੰ ਕਾਬੂ ਕਰ ਲਿਆ ਹੈ। ਮੁਲਜਮਾਂ ਨੇ ਪੁੱਛਗਿੱਛ ’ਚ ਮੰਨਿਆ ਕਿ ਉਨ੍ਹਾਂ ਦੇ ਗਿਰੋਹ ਦੇ ਮੈਂਬਰਾਂ ਨੇ ਅਜੇ ਤੱਕ 50 ਤੋਂ ਵੱਧ ਹਵਾਲਾਤੀਆਂ ਦੀ ਜ਼ਮਾਨਤ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਰਵਾਈ ਹੈ। ਮੁੱਢਲੀ ਪੁੱਛਗਿੱਛ ’ਚ ਮੁਲਜ਼ਮਾਂ ਤੋਂ ਇਕ ਕਾਰ, ਵੱਖ-ਵੱਖ ਨਾਂ ਦੇ ਫਰਜ਼ੀ ਆਧਾਰ ਕਾਰਡ, ਆਈਡੀ ਕਾਰਡ ਦੇ ਨਾਲ-ਨਾਲ ਨੰਬਰਦਾਰ, ਮੈਂਬਰ ਪੰਚਾਇਤ ਦੀਆਂ ਜਾਅਲੀ ਮੋਹਰਾਂ, ਪਿੰਡ ਕੋਟਲੀ ਤੇ ਬਲਰਾਮਪੁਰ ਫਗਵਾੜਾ ਆਦਿ ਦੀਆਂ ਜ਼ਮੀਨਾਂ ਦੀਆਂ ਚਾਰ ਫਰਦਾਂ, ਚਾਰ ਮੋਬਾਇਲ ਫੋਨ, 11 ਫੀਸ ਕੋਰਟ ਟਿਕਟ, ਵੱਖ-ਵੱਖ ਵਿਅਕਤੀਆਂ ਤੇ ਮੁਲਜ਼ਮਾਂ ਦੀਆਂ ਅੱਠ ਪਾਸਪੋਰਟ ਸਾਈਜ਼ ਫੋਟੋ ਤੇ ਦੋ ਆਰਸੀ ਕਾਰਡ ਬਰਾਮਦ ਹੋਏ ਹਨ। ਡੀਐੱਸਪੀ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸਰਗਰਮ ਹਨ। ਇਸ ’ਚ ਵੱਖ-ਵੱਖ ਸ਼ਹਿਰਾਂ ਦੇ ਕੁਝ ਵਕੀਲਾਂ ਦੇ ਮੁੰਸ਼ੀ ਵੀ ਸ਼ਾਮਲ ਹਨ।