10ਵਾਂ ਜੇਪੀਜੀਏ ਕਿਸਾਨ ਮੇਲਾ ਨਵੀਂ ਦਾਣਾ ਮੰਡੀ ’ਚ 8 ਤੋਂ
10ਵਾਂ ਜੇ.ਪੀ.ਜੀ.ਏ ਕਿਸਾਨ ਮੇਲਾ 8–9 ਦਸੰਬਰ ਨੂੰ ਨਵੀਂ ਦਾਣਾ ਮੰਡੀ ਨਕੋਦਰ ਵਿਖੇ
Publish Date: Fri, 28 Nov 2025 06:58 PM (IST)
Updated Date: Fri, 28 Nov 2025 06:59 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਵੱਲੋਂ 10ਵਾਂ ਜੇਪੀਜੀਏ ਕਿਸਾਨ ਮੇਲਾ ਇਸ ਵਾਰ ਨਕੋਦਰ ਦੀ ਨਵੀਂ ਦਾਣਾ ਮੰਡੀ ਵਿੱਚ 8 ਤੇ 9 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਐਗਜ਼ੈਕਟਿਵ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਨਕੋਦਰ ਦੀ ਨਵੀਂ ਦਾਣਾ ਮੰਡੀ ਵਿੱਚ ਹੋਈ, ਜਿਸ ਵਿੱਚ ਮੇਲੇ ਦੀਆਂ ਵੱਖ–ਵੱਖ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਦੱਸਿਆ ਕਿ ਹਰ ਸਾਲ ਸਤੰਬਰ ਮਹੀਨੇ ਕਰਤਾਰਪੁਰ ਵਿੱਚ ਕਰਵਾਇਆ ਜਾਣ ਵਾਲਾ ਇਹ ਮੇਲਾ ਇਸ ਵਾਰ ਪੰਜਾਬ ਵਿੱਚ ਆਈ ਹੜ੍ਹਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਇਹ ਵੱਡਾ ਮੇਲਾ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਦੋਆਬਾ, ਮਾਲਵਾ ਤੇ ਮਾਝਾ ਖੇਤਰ ਦੇ ਕਿਸਾਨ ਆਸਾਨੀ ਨਾਲ ਪਹੁੰਚ ਸਕਣਗੇ। ਸਿਆਲ ਦੇ ਛੋਟੇ ਦਿਨਾਂ ਨੂੰ ਦੇਖਦੇ ਹੋਏ ਨਕੋਦਰ ਦੀ ਚੋਣ ਕਿਸਾਨਾਂ ਲਈ ਬਹੁਤ ਸੁਵਿਧਾਜਨਕ ਰਹੇਗੀ। ਪ੍ਰਧਾਨ ਨਿੱਝਰ ਨੇ ਕਿਹਾ ਕਿ ਇਸ ਵਾਰ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਬਾਰੇ ਵੀ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਵੱਲੋਂ ਕਿਸਾਨ ਮੇਲੇ ਦਾ ਅਧਿਕਾਰਿਕ ਪੋਸਟਰ ਵੀ ਜਾਰੀ ਕੀਤਾ ਗਿਆ। ਵਾਈਸ ਪ੍ਰਧਾਨ ਅਸ਼ਵਿੰਦਰਪਾਲ ਸਿੰਘ ਖਹਿਰਾ ਨੇ ਦੱਸਿਆ ਕਿ 10ਵੇਂ ਕਿਸਾਨ ਮੇਲੇ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਜਾਰੀ ਹਨ। ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਦੌਰਾਨ ਲੰਗਰ, ਟੈਂਟ, ਪਾਰਕਿੰਗ ਸਮੇਤ ਸਾਰੀਆਂ ਕਮੇਟੀਆਂ ਦੀਆਂ ਜਿੰਮੇਵਾਰੀਆਂ ਤਹਿ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੁਆਬੇ ਦੇ ਇੱਕੋ ਇੱਕ ਵੱਡੇ ਕਿਸਾਨ ਮੇਲੇ ਵਿੱਚ ਖੇਤੀਬਾੜੀ ਮਸ਼ੀਨਰੀ, ਖਾਦ ਅਤੇ ਦਵਾਈਆਂ ਦੀਆਂ 150 ਤੋਂ ਵੱਧ ਕੰਪਨੀਆਂ ਆਪਣੀਆਂ ਪ੍ਰਦਰਸ਼ਨੀਆਂ ਲਗਾ ਰਹੀਆਂ ਹਨ। ਇਸ ਦੌਰਾਨ ਨਵੀਨਤਮ ਖੇਤੀਬਾੜੀ ਮਸ਼ੀਨਰੀ, ਬੀਜ ਅਤੇ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਮੇਲੇ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਮਾਹਰ ਡਾਕਟਰ ਵੀ ਸ਼ਾਮਲ ਹੋਣਗੇ, ਜੋ ਕਿਸਾਨਾਂ ਨੂੰ ਅਗਾਂਹਵਧੂ ਖੇਤੀਬਾੜੀ ਤੇ ਪੈਸਟ ਮੈਨੇਜਮੈਂਟ ਬਾਰੇ ਨਵੀਂ ਜਾਣਕਾਰੀ ਦੇਣਗੇ। ਇਸ ਮੌਕੇ ਸ੍ਰ. ਚੈਂਚਲ ਸਿੰਘ, ਤੇਗਾ ਸਿੰਘ, ਨਰਿੰਦਰ ਸਿੰਘ, ਬਲਰਾਜ ਸਿੰਘ, ਗੁਰਬਿੰਦਰ ਸਿੰਘ, ਹਰਮਿੰਦਰ ਸਿੰਘ, ਸੁਖਵੀਰ ਸਿੰਘ, ਅਜੇਪਾਲ ਸਿੰਘ ਢਿੰਲੋਂ, ਮਨਿੰਦਰ ਸਿੰਘ ਬਿਲਖੂ, ਮਨਦੀਪ ਸਿੰਘ, ਪਵਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।