- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਈਡੀ ’ਚ ਲੱਗੇ ਸਿਮ

ਆਈਈਡੀ ’ਚ ਲੱਗੇ ਸਿਮ ’ਤੇ ਕਾਲ ਕਰ ਕੇ ਕਰਵਾਇਆ ਗਿਆ ਸੀ ਧਮਾਕਾ, ਪਾਕਿਸਤਾਨ ’ਚ ਬੈਠੇ ਡਾਨ ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ
ਜਾਸ, ਜਲੰਧਰ : ਜਲੰਧਰ ਸਥਿਤ ਬੀਐੱਸਐੱਫ ਦੇ ਪੰਜਾਬ ਫਰੰਟੀਅਰ ਹੈੱਡ ਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ ’ਚ ਜਲੰਧਰ ਪੁਲਿਸ ਨੇ ਜ਼ੀਰਕਪੁਰ ਵਾਸੀ ਟੈਕਸੀ ਡਰਾਈਵਰ ਉਮਰਦੀਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ’ਚ ਪਤਾ ਲੱਗਿਆ ਹੈ ਕਿ ਆਈਈਡੀ ’ਚ ਲਗਾਏ ਗਏ ਸਿਮ ਨੰਬਰ ’ਤੇ ਕਾਲ ਕਰਨ ਵਾਲਾ ਵਿਅਕਤੀ ਉਮਰਦੀਨ ਹੀ ਸੀ, ਜਿਸ ਤੋਂ ਬਾਅਦ ਧਮਾਕਾ ਹੋਇਆ। ਪੁਲਿਸ ਦਾ ਮੰਨਣਾ ਹੈ ਕਿ ਪੂਰੀ ਸਾਜ਼ਿਸ਼ ਗਿਣੇ-ਮਿੱਥੇ ਤਰੀਕੇ ਨਾਲ ਰਚੀ ਗਈ ਸੀ। ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਉਮਰਦੀਨ ਆਪਣੀ ਟੈਕਸੀ ਜ਼ਰੀਏ ਹੀ ਜਲੰਧਰ ਪੁੱਜਾ ਸੀ। ਵਾਰਦਾਤ ਨਾਲ ਜੁੜੇ ਘਟਨਾ ਚੱਕਰ ਦੀ ਵੀਡੀਓ ਵੀ ਬਣਾਈ ਗਈ ਸੀ, ਜਿਸ ਨੂੰ ਵਿਦੇਸ਼ ’ਚ ਬੈਠੇ ਲੋਕਾਂ ਤੱਕ ਭੇਜਿਆ ਗਿਆ। ਪੁਲਿਸ ਜਾਂਚ ’ਚ ਇਹ ਵੀ ਪਤਾ ਲੱਗਿਆ ਹੈ ਕਿ ਇਸ ਪੂਰੇ ਨੈੱਟਵਰਕ ਦੇ ਤਾਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੇ ਪਾਕਿਸਤਾਨ ’ਚ ਬੈਠੇ ਡਾਨ ਸ਼ਹਿਜ਼ਾਦ ਭੱਟੀ ਨਾਲ ਜੁੜੇ ਹਨ। ਦੱਸਿਆ ਜਾ ਰਿਹਾ ਹੈ ਕਿ ਉਮਰਦੀਨ ਸਿੱਧੇ ਤੌਰ ’ਤੇ ਸ਼ਹਿਜ਼ਾਦ ਭੱਟੀ ਦੇ ਸੰਪਰਕ ’ਚ ਸੀ ਤੇ ਉਸ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਇਸ ਮਾਮਲੇ ’ਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਉੱਤਰ ਪ੍ਰਦੇਸ਼ ਵਾਸੀ ਅਨਿਸ ਸ਼ਰਮਾ ਤੋਂ ਵੀ ਲਗਾਤਾਰ ਪੁੱਛਗਿੱਛ ਜਾਰੀ ਹੈ। ਵੀਰਵਾਰ ਨੂੰ ਦੇਰ ਰਾਤ ਪੁਲਿਸ ਨੇ ਅਨਿਲ ਸ਼ਰਮਾ ਤੇ ਉਮਰਦੀਨ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸ਼ੁੱਕਰਵਾਰ ਨੂੰ ਜਲੰਧਰ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰ ਸਕਦੀ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਧਮਾਕੇ ਜ਼ਰੀਏ ਪੰਜਾਬ ’ਚ ਮਹੌਲ ਖ਼ਰਾਬ ਕਰਨ ਤੇ ਸੁਰੱਖਿਆ ਏਜੰਸੀਆਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਹੁਣ ਮੁਲਜ਼ਮਾਂ ਦੇ ਮੋਬਾਈਲ ਫੋਨ, ਕਾਲ ਡਿਟੇਲ ਤੇ ਇੰਟਰਨੈੱਟ ਮੀਡੀਆ ਕੁਨੈਕਸ਼ਨ ਖੰਘਾਲ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਈਈਡੀ ਤਿਆਰ ਕਰਨ ’ਚ ਕਿਨ੍ਹਾਂ ਲੋਕਾਂ ਨੇ ਮਦਦ ਕੀਤੀ ਤੇ ਇਸ ’ਚ ਇਸਤੇਮਾਲ ਸਮੱਗਰੀ ਕਿੱਥੋਂ ਲਿਆਂਦੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਕੁਝ ਅਹਿਮ ਡਿਜੀਟਲ ਸਬੂਤ ਵੀ ਮਿਲੇ ਹਨ, ਜਿਨ੍ਹਾਂ ’ਚ ਵੀਡੀਓ ਕਲਿਪ ਤੇ ਆਨਲਾਈਨ ਚੈਟ ਸ਼ਾਮਲ ਹਨ। ਸੁਰੱਖਿਆ ਏਜੰਸੀਆਂ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਛਾਪੇਮਾਰੀ ਕਰ ਰਹੀ ਹੈ।