ਨੌਜਵਾਨ ਦਾ ਕਤਲ ਕਰਕੇ ਲਾਸ਼ ਗਦਈਪੁਰ ਨਹਿਰ ’ਚ ਬਾਈਕ ਸਮੇਤ ਸੁੱਟੀ
ਨੌਜਵਾਨ ਦਾ ਕਤਲ ਕਰਕੇ ਲਾਸ਼ ਗਦਈਪੁਰ ਨਹਿਰ ’ਚ ਬਾਈਕ ਸਮੇਤ ਸੁੱਟੀ
Publish Date: Thu, 21 May 2026 10:10 PM (IST)
Updated Date: Thu, 21 May 2026 10:13 PM (IST)

ਸ਼ਾਮ ਤੱਕ ਦੋ ਨੌਜਵਾਨ ਕਾਬੂ, ਮੁਲਜ਼ਮਾਂ ਕੋਲੋਂ ਪਿਸਤੌਲ ਬਰਾਮਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਦਈਪੁਰ ਇਲਾਕੇ ’ਚ ਬੁੱਧਵਾਰ ਦੇਰ ਰਾਤ ਕੁਝ ਲੋਕਾਂ ਨੇ ਇਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਵੀਰਵਾਰ ਸਵੇਰੇ ਨਹਿਰ ਵਿਚ ਇਕ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲੀ। ਲਾਸ਼ ਨੇੜਿਓਂ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫੋਕਲ ਪੁਆਇੰਟ ਚੌਕੀ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਮਾਮਲੇ ਦੀ ਜਾਂਚ ਲਈ ਏਡੀਸੀਪੀ ਆਕਰਸ਼ੀ ਜੈਨ, ਏਸੀਪੀ ਨਾਰਥ ਅਸ਼ੋਕ ਮੀਣਾ, ਥਾਣਾ ਡਵੀਜ਼ਨ ਨੰਬਰ-8 ਦੇ ਇੰਚਾਰਜ ਸਾਹਿਲ ਚੌਧਰੀ, ਥਾਣਾ ਡਵੀਜ਼ਨ ਨੰਬਰ-1 ਦੇ ਇੰਚਾਰਜ ਰਾਕੇਸ਼ ਕੁਮਾਰ, ਪੀਸੀਆਰ ਟੀਮਾਂ ਤੇ ਸੀਆਈਏ ਸਟਾਫ ਵੀ ਘਟਨਾ ਵਾਲੀ ਥਾਂ ’ਤੇ ਪੁੱਜ ਗਿਆ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸ਼ੀਤਲ ਨਗਰ ਦੇ ਰਹਿਣ ਵਾਲੇ ਪੰਕਜ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਕਈ ਡੂੰਘੇ ਜ਼ਖ਼ਮ ਮਿਲੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਫਿੰਗਰਪ੍ਰਿੰਟ ਮਾਹਿਰਾਂ ਤੇ ਸੀਆਈਏ ਟੀਮ ਨੂੰ ਮੌਕੇ ’ਤੇ ਬੁਲਾ ਲਿਆ। ਘਟਨਾ ਸਥਾਨ ਤੋਂ ਕਈ ਅਹਿਮ ਸੁਰਾਗ ਇਕੱਠੇ ਕੀਤੇ ਗਏ ਹਨ। ਪੁਲਿਸ ਆਸ-ਪਾਸ ਦੇ ਇਲਾਕੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਕਤਲ ਨਾਲ ਜੁੜੇ ਤੱਥਾਂ ਦਾ ਪਤਾ ਲੱਗ ਸਕੇ। ਏਡੀਸੀਪੀ-1 ਆਕਰਸ਼ੀ ਜੈਨ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ ਸੂਚਨਾ ਮਿਲੀ ਸੀ ਕਿ ਗਦਈਪੁਰ ਨਹਿਰ ’ਚ ਇਕ ਨੌਜਵਾਨ ਦੀ ਲਾਸ਼ ਪਈ ਹੈ। ਮੌਕੇ ’ਤੇ ਪੁੱਜ ਕੇ ਪੁਲਿਸ ਨੇ ਬਾਈਕ ਨੰਬਰ ਰਾਹੀਂ ਮ੍ਰਿਤਕ ਦੀ ਪਛਾਣ ਕੀਤੀ ਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ------------------------ ਰਾਤ ਨੂੰ ਘਰੋਂ ਨਿਕਲਿਆ ਸੀ ਨੌਜਵਾਨ, ਸਵੇਰੇ ਮਿਲੀ ਕਤਲ ਦੀ ਖ਼ਬਰ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪੰਕਜ ਬੁੱਧਵਾਰ ਰਾਤ ਮੋਟਰਸਾਈਕਲ ਲੈ ਕੇ ਘਰ ਤੋਂ ਨਿਕਲਿਆ ਸੀ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਪਰਿਵਾਰ ਨੇ ਪਹਿਲਾਂ ਸੋਚਿਆ ਕਿ ਉਹ ਕਿਸੇ ਕੰਮ ਕਾਰਨ ਬਾਹਰ ਹੀ ਰੁਕ ਗਿਆ ਹੋਵੇਗਾ ਪਰ ਵੀਰਵਾਰ ਸਵੇਰੇ ਪੁਲਿਸ ਵੱਲੋਂ ਫੋਨ ਆਇਆ ਕਿ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਖ਼ਬਰ ਸੁਣਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰ ਸਿਵਲ ਹਸਪਤਾਲ ਪੁੱਜੀ, ਜਿੱਥੇ ਲਾਸ਼ ਦੀ ਪਛਾਣ ਕੀਤੀ ਗਈ। ਪਰਿਵਾਰ ਦੇ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। -------------------- ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ : ਡੀਸੀਪੀ ਮੌਕੇ ’ਤੇ ਪੁੱਜੇ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਸਾਫ ਹੋਇਆ ਹੈ ਕਿ ਨੌਜਵਾਨ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਹੈ। ਸਰੀਰ ’ਤੇ ਡੂੰਘੇ ਜ਼ਖ਼ਮ ਮਿਲੇ ਹਨ। ਡੀਸੀਪੀ ਨੇ ਦੱਸਿਆ ਕਿ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ-1 ਵਿੱਚ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਾਇਆ ਜਾ ਸਕੇ। ਪੁਲਿਸ ਮ੍ਰਿਤਕ ਦੇ ਮੋਬਾਈਲ ਰਿਕਾਰਡ, ਦੋਸਤਾਂ ਅਤੇ ਹਾਲ ਹੀ ’ਚ ਹੋਏ ਵਿਵਾਦਾਂ ਦੀ ਵੀ ਜਾਂਚ ਕਰ ਰਹੀ ਹੈ। ਕਤਲ ਪਿਛੇ ਰੰਜਿਸ਼ ਸਮੇਤ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ------------------------ ਸ਼ਾਮ ਤੱਕ ਦੋ ਨੌਜਵਾਨ ਹਥਿਆਰਾਂ ਸਮੇਤ ਕਾਬੂ ਇਸ ਮਾਮਲੇ ਵਿਚ ਵੀਰਵਾਰ ਸ਼ਾਮ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਨੌਜਵਾਨ ਪਿਛਲੇ ਤਿੰਨ-ਚਾਰ ਦਿਨਾਂ ਤੋਂ ਮ੍ਰਿਤਕ ਪੰਕਜ ਦੀ ਭਾਲ ਕਰ ਰਹੇ ਸਨ। ਪੁਲਿਸ ਹੁਣ ਦੋਵੇਂ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਤਲ ਕਿਸੇ ਪੁਰਾਣੀ ਦੁਸ਼ਮਣੀ ਜਾਂ ਆਪਸੀ ਵਿਵਾਦ ਦਾ ਨਤੀਜਾ ਹੋ ਸਕਦਾ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਕਤਲ ਦੇ ਕਾਰਨਾਂ ਬਾਰੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਦੱਸਿਆ।