ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੀ ਟੀਮ ਰਹੀ ਉਪ ਜੇਤੂ
ਮੈਕਸੀਕੋ ’ਚ ਹੋਏ ਸਟ੍ਰੀਟ ਚਾਈਲਡ ਵਰਲਡ ਕੱਪ ’ਚ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੀ ਟੀਮ ਰਹੀ ਉਪ ਜੇਤੂ
Publish Date: Fri, 15 May 2026 08:45 PM (IST)
Updated Date: Fri, 15 May 2026 08:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਭਾਰਤ ਦੀ ਨੁਮਾਇੰਦਗੀ ਕਰ ਰਹੀ ਟੀਮ ਨੇ ਮੈਕਸੀਕੋ ’ਚ ਹੋਏ ਸਟ੍ਰੀਟ ਚਾਈਲਡ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਨੇ ਫਾਈਨਲ ਤੱਕ ਪੁੱਜ ਕੇ ਉਪ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਮਿਸਰ ਨੂੰ 1-0 ਨਾਲ ਹਰਾਇਆ। ਇਸ ਤੋਂ ਬਾਅਦ ਟੀਮ ਨੇ ਬੋਰੂਸੀਆ ਨੂੰ 2-0 ਅਤੇ ਮਲੇਸ਼ੀਆ ਨੂੰ 7-0 ਨਾਲ ਹਰਾ ਕੇ ਦਬਦਬਾ ਕਾਇਮ ਰੱਖਿਆ। ਅਗਲੇ ਮੈਚਾਂ ਵਿੱਚ ਭਾਰਤ ਨੇ ਅਰਜਨਟੀਨਾ ਨੂੰ 2-0, ਇੰਡੋਨੇਸ਼ੀਆ ਨੂੰ 3-1 ਅਤੇ ਮੇਜ਼ਬਾਨ ਮੈਕਸੀਕੋ ਨੂੰ 6-0 ਨਾਲ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਵਿੱਚ ਭਾਰਤ ਨੇ ਮੁੜ ਮਿਸਰ ਨੂੰ 1-0 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾਈ। ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਬ੍ਰਾਜ਼ੀਲ ਖ਼ਿਲਾਫ਼ ਸ਼ਾਨਦਾਰ ਜਜ਼ਬਾ ਦਿਖਾਇਆ ਪਰ 2-4 ਦੇ ਅੰਤਰ ਨਾਲ ਮੈਚ ਹਾਰ ਗਈ ਤੇ ਟੂਰਨਾਮੈਂਟ ਵਿੱਚ ਰਨਰ-ਅੱਪ ਰਹੀ। ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਵਿੱਚ ਸਿਲਾਸ ਸਿੱਧੂ, ਅਰਸ਼ਦੀਪ, ਜਸ਼ਨਪ੍ਰੀਤ, ਰਾਜਨ ਜੱਖੂ, ਸਮੀਰ, ਰਮਿੰਦਰ ਸਿੰਘ, ਸੈਮ ਮਸੀਹ ਅਤੇ ਗੋਲਕੀਪਰ ਸ਼ਮਸ਼ੇਰ ਸਿੰਘ ਆਕਾਸ਼ ਸ਼ਾਮਲ ਸਨ। ਟੀਮ ਦੀ ਅਗਵਾਈ ਹੈੱਡ ਕੋਚ ਅਨਵਰ ਅਲੀ, ਟੀਮ ਲੀਡਰ ਹਰਸ਼ ਜੈਸੁਖ ਛੋਟਾਲੀਆ ਅਤੇ ਟੀਮ ਮੈਨੇਜਰ ਨੂਪੁਰ ਨਾਗ ਵੱਲੋਂ ਕੀਤੀ ਗਈ। ਇਸ ਮੌਕੇ ਗੁਰਮੰਗਲ ਦਾਸ ਸੋਨੀ ਨੇ ਕਿਹਾ ਕਿ ਭਾਵੇਂ ਟੀਮ ਟਰਾਫੀ ਜਿੱਤਣ ਤੋਂ ਇੱਕ ਕਦਮ ਪਿੱਛੇ ਰਹਿ ਗਈ ਪਰ ਖਿਡਾਰੀਆਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਜਜ਼ਬੇ ਨਾਲ ਇਤਿਹਾਸ ਰਚ ਦਿੱਤਾ ਹੈ। ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੇ ਪ੍ਰਬੰਧਕਾਂ ਅਤੇ ਸਮਰਥਕਾਂ ਨੇ ਵੀ ਟੀਮ ਦੀ ਇਸ ਇਤਿਹਾਸਕ ਉਪਲਬਧੀ ’ਤੇ ਖੁਸ਼ੀ ਪ੍ਰਗਟਾਈ।