ਹੈਰੋਇਨ ਦੀ ਸਪਲਾਈ ਕਰਨ ਆਇਆ ਨੌਜਵਾਨ ਕਾਬੂ
ਜਾਸ, ਜਲੰਧਰ : ਜਲੰਧਰ
Publish Date: Sat, 09 May 2026 09:10 PM (IST)
Updated Date: Sat, 09 May 2026 10:20 PM (IST)
ਜਾਸ, ਜਲੰਧਰ : ਜਲੰਧਰ ਦਿਹਾਤ ਪੁਲਿਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜੋ ਉਹ ਜਲੰਧਰ ’ਚ ਸਪਲਾਈ ਕਰਨ ਲਈ ਲੈ ਕੇ ਆਇਆ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐੱਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ, ਸੀਆਈਏ ਸਟਾਫ ਜਲੰਧਰ ਦਿਹਾਤ ਦੇ ਏਐੱਸਆਈ ਬਲਵਿੰਦਰ ਸਿੰਘ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਨਕੋਦਰ-ਜਲੰਧਰ ਰੋਡ ’ਤੇ ਪਿੰਡ ਸਿੰਘਾਂ ਨੇੜੇ ਇਕ ਨੌਜਵਾਨ ਹੈਰੋਇਨ ਦੀ ਸਪਲਾਈ ਕਰਨ ਆਇਆ ਹੈ। ਇਸੇ ਆਧਾਰ 'ਤੇ ਉੱਥੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇਕ ਨੌਜਵਾਨ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ। ਪੁਲਿਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ। ਜਾਂਚ ਦੌਰਾਨ ਨੌਜਵਾਨ ਦੀ ਪਛਾਣ ਸੈਮੂਅਲ, ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਵਜੋਂ ਹੋਈ। ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਲਿਫਾਫੇ ’ਚ ਰੱਖੀ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮੋਟਰਸਾਈਕਲ ਵੀ ਕਬਜ਼ੇ ’ਚ ਲੈ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
---
ਛੇਤੀ ਅਮੀਰ ਬਣਨ ਦੇ ਲਾਲਚ ’ਚ ਸ਼ੁਰੂ ਕੀਤਾ ਧੰਦਾ
ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਇਕ ਬੈਂਕ ’ਚ ਸੇਲਜ਼ ਮੈਨੇਜਰ ਦੀ ਨੌਕਰੀ ਕਰਦਾ ਸੀ ਤੇ ਪਿੰਡ ਦੇ ਚਰਚ ’ਚ ਸੇਵਾ ਵੀ ਕਰਦਾ ਸੀ। ਹਾਲਾਂਕਿ, ਜਲਦੀ ਅਮੀਰ ਬਣਨ ਦੀ ਖਾਹਿਸ਼ ਨੇ ਉਸ ਨੂੰ ਨਸ਼ਾ ਤਸਕਰੀ ਦੇ ਧੰਦੇ ’ਚ ਲੈ ਆਂਦਾ। ਮੁਲਜ਼ਮ ਫਿਰੋਜ਼ਪੁਰ ਬਾਰਡਰ ਖੇਤਰ ਤੋਂ ਸਸਤੀ ਹੈਰੋਇਨ ਖਰੀਦ ਕੇ ਜਲੰਧਰ, ਨਕੋਦਰ ਤੇ ਲਾਂਬੜਾ ਖੇਤਰ ’ਚ ਸਪਲਾਈ ਕਰਦਾ ਸੀ। ਥਾਣਾ ਲਾਂਬੜਾ ’ਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।