ਤੁਸੀਂ ਦਿਖਾਈ ਇਕਜੁਟਤਾ, ਸੀਐੱਮ ਦਾ ਸੰਦੇਸ਼ ਕਿਸੇ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ

ਆਗੂਆਂ ਵਿਚਾਲੇ ਰੱਸਾਕਸੀ ਮੁਕਾਬਲਾ ਕਰਵਾਇਆ, ਰਿੰਗ ਪਾਸ ਕਰਵਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਬਜ਼ਰਵਰ, ਵਿਧਾਇਕਾਂ ਦੀ ਮੀਟਿੰਗ ’ਚ ਮੁੱਖ ਮੰਤਰੀ ਨੇ ਵਰਕਰਾਂ ਤੇ ਆਗੂਆਂ ਨੂੰ ਕਿਹਾ ਕਿ ਕਿਸੇ ਦੇ ਛੱਡਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਅੱਗੇ ਵੱਧਣਾ ਹੈ ਤੇ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਪਹਿਲੇ ਸੈਸ਼ਨ ਵਿੱਚ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਪਾਰਟੀ ਮੈਂਬਰਾਂ ਨਾਲ ਰੂਬਰੂ ਹੋਏ। ਦੂਜੇ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਕਾਨਫਰੰਸ ਰਾਹੀਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਸਿਟੀ ਕਾਲਜ ਆਫ ਇੰਸਟੀਚਿਊਸ਼ਨ ਵਿਚ ਆਪ ਆਗੂ ਇਕਜੁਟ ਰਹਿਣ ਦੀ ਗੱਲ ਕਰਦੇ ਰਹੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦਾ ਜਲੰਧਰ ਦੀ ਰਾਜਨੀਤੀ ਵਿੱਚ ਵੱਡਾ ਪ੍ਰਭਾਵ ਹੈ। ਉਨ੍ਹਾਂ ਦੇ ਪਾਰਟੀ ਤੋਂ ਅਸਤੀਫ਼ੇ ਨਾਲ-ਨਾਲ ਹਰਭਜਨ ਸਿੰਘ ਤੇ ਸੰਦੀਪ ਪਾਠਕ ਦੇ ਪਾਰਟੀ ਛੱਡਣ ਤੋਂ ਬਾਅਦ, ‘ਆਪ’ ਦੀ ਇਹ ਮੀਟਿੰਗ ਡੈਮੇਜ ਕੰਟਰੋਲ ਵਜੋਂ ਦੇਖੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਆਬਜ਼ਰਵਰ ਮੀਟਿੰਗ ਦੌਰਾਨ ਜਲੰਧਰ ਵਿੱਚ ਦੋਵੇਂ ਸੈਸ਼ਨਾਂ ਵਿੱਚ ਸੀਨੀਅਰ ਆਗੂਆਂ ਨੇ ਹਾਲ ਹੀ ਵਿੱਚ ਪਾਰਟੀ ਛੱਡ ਕੇ ਗਏ ਰਾਜ ਸਭਾ ਮੈਂਬਰਾਂ ਬਾਰੇ ਕੁਝ ਨਹੀਂ ਕਿਹਾ। ਹਾਲਾਂਕਿ ਮੀਟਿੰਗ ਤੋਂ ਬਾਅਦ ਜਦੋਂ ਪਾਰਟੀ ਆਗੂ ਬਾਹਰ ਨਿਕਲੇ ਤਾਂ ਜ਼ਿਆਦਾਤਰ ਆਗੂ ਉਨ੍ਹਾਂ ਬਾਰੇ ਚਰਚਾ ਕਰਦੇ ਨਜ਼ਰ ਆਏ। ਅਮਨ ਅਰੋੜਾ, ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਰਾਘਵ ਦੇ ਜਾਣ ਨਾਲ ਉਨ੍ਹਾਂ ਦੇ ਵਰਕਰ ਕੇਡਰ ‘ਤੇ ਕੋਈ ਅਸਰ ਨਹੀਂ ਪਿਆ। ਇਸ ਤੋਂ ਪਹਿਲਾਂ ਵੀ ਵਿਧਾਇਕ ਪਾਰਟੀ ਛੱਡ ਕੇ ਗਏ ਹਨ ਪਰ ਸਥਿਤੀ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਈ ਹੈ। ਅਰੋੜਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਪਾਰਟੀ ਦੀ ਰੁਟੀਨ ਮੀਟਿੰਗ ਹੈ ਤੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਮੀਡੀਆ ਇਸ ਨੂੰ ਬੇਵਜ੍ਹਾ ਹਾਈਪ ਦੇ ਰਿਹਾ ਹੈ।
------------------------------------
ਨਗਰ ਨਿਗਮ ’ਚ ਬਹੁਮਤ ਨਹੀਂ ਸੀ ਤਾਂ ਅਸ਼ੋਕ ਮਿੱਤਲ ਨੇ ਸੰਭਾਲਿਆ ਸੀ ਮੋਰਚਾ
ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਚੋਣਾਂ ਵਿੱਚ ਆਪ ਨੂੰ 85 ਵਿੱਚੋਂ 39 ਸੀਟਾਂ ਮਿਲੀਆਂ ਸਨ ਤੇ ਹਾਊਸ ਬਣਾਉਣ ਲਈ 45 ਕੌਂਸਲਰਾਂ ਦੀ ਲੋੜ ਸੀ। ਅਸ਼ੋਕ ਮਿੱਤਲ ਦੀਆਂ ਕੋਸ਼ਿਸ਼ਾਂ ਨਾਲ ‘ਆਪ’ ਨੇ ਇਹ ਅੰਕੜਾ ਪੂਰਾ ਕੀਤਾ। ਵਨੀਤ ਧੀਰ ਨੂੰ ਮੇਅਰ ਬਣਾਉਣ ਵਿੱਚ ਵੀ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਸੀ। ਅਸ਼ੋਕ ਮਿੱਤਲ ਦੇ ਪਾਰਟੀ ਛੱਡਣ ਤੋਂ ਬਾਅਦ ਜਲੰਧਰ ਦੇ ਆਗੂਆਂ ਤੇ ਵਰਕਰਾਂ ਨੂੰ ਪਾਰਟੀ ’ਚ ਬਣਾਈ ਰੱਖਣ ਲਈ ਆਬਜ਼ਰਵਰ ਮੀਟਿੰਗ ਦੀ ਖਾਸ ਭੂਮਿਕਾ ਰਹੇਗੀ।
--------------------------
ਜਲੰਧਰ ਸੈਂਟਰਲ ਤੇ ਕਰਤਾਰਪੁਰ ਦੇ ਵਿਧਾਇਕ, ਮੇਅਰ ਮੀਟਿੰਗ ’ਚ ਨਹੀਂ ਪੁੱਜੇ
ਜਲੰਧਰ ਦੇ ਕਈ ਆਗੂ ਮੀਟਿੰਗ ’ਚ ਸ਼ਾਮਲ ਹੋਏ ਪਰ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ, ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਤੇ ਮੇਅਰ ਵਿਨੀਤ ਧੀਰ ਇਸ ਵਿੱਚ ਸ਼ਾਮਲ ਨਹੀਂ ਹੋਏ। ਵਿਧਾਇਕ ਰਮਨ ਅਰੋੜਾ ’ਤੇ ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਉਹ ਜ਼ਮਾਨਤ ‘ਤੇ ਹਨ ਤੇ ਸਰਗਰਮ ਨਹੀਂ ਹਨ। ਜਲੰਧਰ ਵੈਸਟ ਦੇ ਵਿਧਾਇਕ ਤੇ ਮੰਤਰੀ ਮਹਿੰਦਰ ਭਗਤ, ਜਲੰਧਰ ਸੈਂਟਰਲ ਹਲਕਾ ਇੰਚਰਾਜ ਨਿਤਿਨ ਕੋਹਲੀ, ਜਲੰਧਰ ਵੈਸਟ ਤੋਂ ਦਿਨੇਸ਼ ਢੱਲ ਤੇ ਜਲੰਧਰ ਕੈਂਟ ਤੋਂ ਰਾਜਵਿੰਦਰ ਕੌਰ ਥਿਆੜਾ ਮੀਟਿੰਗ ’ਚ ਪੁੱਜੇ।
----------------------------
ਨਵੀਂ ਊਰਜਾ ਲਿਆਉਣ ਲਈ ਹਲਕੀਆਂ-ਫੁਲਕੀਆਂ ਖੇਡਾਂ ਖੇਡੀਆਂ
ਵਰਕਰਾਂ ਵਿੱਚ ਨਵੀਂ ਉਰਜਾ ਲਿਆਉਣ ਲਈ ਪਹਿਲੇ ਸੈਸ਼ਨ ਤੋਂ ਬਾਅਦ ਹਲਕੇ-ਫੁਲਕੇ ਖੇਡਾਂ ਕਰਵਾਈਆਂ ਗਈਆਂ, ਜਿਸ ’ਚ ਆਗੂਆਂ ਨੇ ਵੀ ਹਿੱਸਾ ਲਿਆ। ਗੋਲ ਘੇਰਾ ਬਣਾ ਕੇ ਆਗੂਆਂ ਨੇ ਰਿੰਗ ਪਾਸ ਕਰਕੇ ਇਕਜੁਟਤਾ ਦਿਖਾਈ, ਜਦਕਿ ਰੱਸਾਕਸੀ ’ਚ ਜ਼ਿਲ੍ਹਿਆਂ ਵਿਚਾਲੇ ਮੁਕਾਬਲਾ ਕਰਵਾ ਕੇ ਖਿੱਚੋਤਾਣ ਤੋਂ ਬਚਣ ਦਾ ਸੰਦੇਸ਼ ਦਿੱਤਾ ਗਿਆ। ਨੇਤਾਵਾਂ ਨੇ ਦੋਵੇਂ ਗਤੀਵਿਧੀਆਂ ਦਾ ਆਨੰਦ ਲਿਆ।
------------------------
ਇਸ ਤਰ੍ਹਾਂ ਦੇ ਪ੍ਰਬੰਧਾਂ ਨਾਲ ਮਿਲਦੀ ਹੈ ਮਜ਼ਬੂਤੀ
ਆਬਜ਼ਰਵਰ ਮੀਟਿੰਗ ਨੂੰ ਲੈ ਕੇ ਨੇਤਾ ਉਤਸ਼ਾਹਿਤ ਨਜ਼ਰ ਆਏ। ਹੋਰ ਜ਼ਿਲ੍ਹਿਆਂ ਤੋਂ ਜਲੰਧਰ ਪੁੱਜੇ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਨਾ ਸਿਰਫ਼ ਪਾਰਟੀ ਮਜ਼ਬੂਤ ਹੁੰਦੀ ਹੈ, ਸਗੋਂ ਆਪਸੀ ਸਹਿਯੋਗ ਵੀ ਵਧਦਾ ਹੈ। ਕਿਸੇ ਦੇ ਪਾਰਟੀ ਛੱਡਣ ’ਤੇ ਜ਼ੋਰ ਨਹੀਂ ਦਿੱਤਾ ਗਿਆ, ਸਗੋਂ ਲੋਕਾਂ ਨੂੰ ਨਾਲ ਜੋੜੇ ਰੱਖਣ ਲਈ ਵਰਕਰਾਂ ਨੂੰ ਆਪਸੀ ਤਾਲਮੇਲ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।