ਮੈਕਸੀਕੋ ’ਚ ਛਾਏ ਵਾਈਐੱਫਸੀ ਰੁੜਕਾ ਕਲਾਂ ਦੇ ਖਿਡਾਰੀ
ਮੈਕਸੀਕੋ ਵਿੱਚ ਛਾਏ ਵਾਈਐੱਫਸੀ ਰੁੜਕਾ ਕਲਾਂ ਦੇ ਖਿਡਾਰੀ
Publish Date: Wed, 13 May 2026 07:35 PM (IST)
Updated Date: Wed, 13 May 2026 07:36 PM (IST)
-ਸਟਰੀਟ ਚਾਈਲਡ ਵਰਲਡ ਕੱਪ 2026 ਦੇ ਸੈਮੀਫਾਈਨਲ ’ਚ ਬਣਾਈ ਸ਼ਾਨਦਾਰ ਜਗ੍ਹਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਵਾਈਐੱਫਸੀ ਰੁੜਕਾ ਕਲਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪਿੰਡਾਂ ਦੀ ਮਿੱਟੀ ’ਚੋਂ ਉੱਠਣ ਵਾਲੇ ਸੁਪਨੇ ਵੀ ਵਿਸ਼ਵ ਪੱਧਰ ਤੱਕ ਪੁੱਜ ਸਕਦੇ ਹਨ। ਮੈਕਸੀਕੋ ’ਚ ਹੋ ਰਹੇ ਸਟਰੀਟ ਚਾਈਲਡ ਵਰਲਡ ਕੱਪ 2026 ’ਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਵਾਈਐੱਫਸੀ ਰੁੜਕਾ ਕਲਾਂ ਦੀ ਟੀਮ ਨੇ ਲੀਗ ਦੌਰ ਦੇ ਸਾਰੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ’ਚ ਥਾਂ ਪੱਕੀ ਕੀਤੀ ਹੈ। ਵਾਈਐੱਫਸੀ ਰੁੜਕਾ ਕਲਾਂ ਨੇ ਇਕ ਵਾਰ ਫਿਰ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਮਾਣ ਵਧਾਇਆ ਹੈ। ਟੀਮ ਇੰਡੀਆ ਨੇ ਪਹਿਲੇ ਮੈਚ ’ਚ ਬੋਰੂਸੀਆ ਐਕਨੁਰ ਨੂੰ 2-0 ਨਾਲ ਹਰਾਇਆ। ਇਸ ਤੋਂ ਬਾਅਦ ਮਲੇਸ਼ੀਆ ਨੂੰ 7-0, ਮੈਕਸੀਕੋ ਫੁੱਟਬਾਲ ਮਾਸ ਨੂੰ 6-0, ਅਰਜਨਟੀਨਾ ਨੂੰ 2-0 ਅਤੇ ਇੰਡੋਨੇਸ਼ੀਆ ਨੂੰ 3-1 ਨਾਲ ਮਾਤ ਦਿੱਤੀ। ਆਖਰੀ ਲੀਗ ਮੈਚ ਵਿੱਚ ਮਿਸਰ ਨੂੰ 1-0 ਨਾਲ ਹਰਾਕੇ ਟੀਮ ਨੇ ਲੀਗ ਦੌਰ ਦੇ ਸਾਰੇ ਛੇ ਮੈਚ ਆਪਣੇ ਨਾਂ ਕੀਤੇ। ਟੀਮ ਨੇ ਛੇ ਮੈਚਾਂ ’ਚ ਕੁੱਲ 21 ਗੋਲ ਕੀਤੇ, ਜਦਕਿ ਵਿਰੋਧੀ ਟੀਮਾਂ ਨੂੰ ਸਿਰਫ਼ ਇਕ ਗੋਲ ਕਰਨ ਦਾ ਹੀ ਮੌਕਾ ਦਿੱਤਾ।
ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ’ਚ ਸਿਲਾਸ ਸਿੱਧੂ, ਅਰਸ਼ਦੀਪ, ਜਸ਼ਨਪ੍ਰੀਤ, ਰਾਜਨ ਜੱਖੂ, ਸਮੀਰ, ਰਮਿੰਦਰ ਸਿੰਘ, ਸੈਮ ਮਸੀਹ, ਸ਼ਮਸ਼ੇਰ ਸਿੰਘ ਆਕਾਸ਼ (ਗੋਲਕੀਪਰ) ਤੇ ਰੋਂਕੀ ਸ਼ਾਮਲ ਹਨ। ਟੀਮ ਨੂੰ ਹੈੱਡ ਕੋਚ ਅਨਵਰ ਅਲੀ, ਟੀਮ ਲੀਡਰ ਹਰਸ਼ ਜੈਸੁੱਖ ਚੋਟਾਲੀਆ ਅਤੇ ਟੀਮ ਮੈਨੇਜਰ ਨੁਪੁਰ ਨਾਗ ਦੀ ਅਗਵਾਈ ਮਿਲ ਰਹੀ ਹੈ। ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਟੀਮ ਦੀ ਇਸ ਇਤਿਹਾਸਕ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਾਈਐੱਫਸੀ ਰੁੜਕਾ ਕਲਾਂ ਸਿਰਫ਼ ਇਕ ਫੁੱਟਬਾਲ ਕਲੱਬ ਨਹੀਂ, ਸਗੋਂ ਇੱਕ ਅਜਿਹਾ ਮੰਚ ਹੈ ਜੋ ਪਿੰਡਾਂ ਦੇ ਬੱਚਿਆਂ ਨੂੰ ਸੁਪਨੇ ਦੇਖਣ ਤੇ ਉਨ੍ਹਾਂ ਨੂੰ ਸਾਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ਟੀਮ ਇੰਡੀਆ ਹੁਣ 14 ਮਈ ਨੂੰ ਮਿਸਰ ਖ਼ਿਲਾਫ਼ ਸੈਮੀਫਾਈਨਲ ਮੁਕਾਬਲਾ ਖੇਡੇਗੀ। ਵਾਈਐੱਫਸੀ ਰੁੜਕਾ ਕਲਾਂ ਅੱਜ ਹਜ਼ਾਰਾਂ ਬੱਚਿਆਂ ਲਈ ਉਮੀਦ, ਪ੍ਰੇਰਣਾ ਤੇ ਨਵੀਆਂ ਸੰਭਾਵਨਾਵਾਂ ਦਾ ਪ੍ਰਤੀਕ ਬਣ ਚੁੱਕਾ ਹੈ।