5 ਮਈ ਤੱਕ ਮੀਂਹ ਹਨੇਰੀ ਦੀ ਸੰਭਾਵਨਾ
ਮੌਸਮ ਵਿਭਾਗ ਦਾ ਯੈਲੋ ਅਲਰਟ, 5 ਮਈ ਤੱਕ ਤੇਜ਼ ਹਵਾਵਾਂ ਨਾਲ ਥੰਡਰ ਸ਼ਾਵਰ ਤੇ ਬਾਰਿਸ਼ ਦੀ ਸੰਭਾਵਨਾ
Publish Date: Wed, 29 Apr 2026 10:52 PM (IST)
Updated Date: Wed, 29 Apr 2026 10:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੌਸਮ ਵਿਭਾਗ ਵੱਲੋਂ ਮੰਗਲਵਾਰ ਤੋਂ ਹੀ ਹਨੇਰੀ ਤੇ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਹਾਲਾਂਕਿ ਦਿਨ ਦੌਰਾਨ ਸਿਰਫ਼ ਹਲਕੀ ਬੂੰਦਾਬਾਂਦੀ ਤੇ ਤੇਜ਼ ਹਵਾਵਾਂ ਹੀ ਦੇਖਣ ਨੂੰ ਮਿਲੀਆਂ ਤੇ ਇਸਦਾ ਵੱਡਾ ਅਸਰ ਨਹੀਂ ਪਿਆ। ਮੰਗਲਵਾਰ ਦੇਰ ਰਾਤ ਤੋਂ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ, ਜੋ ਬੁੱਧਵਾਰ ਦੁਪਹਿਰ ਤੱਕ ਜਾਰੀ ਰਹੀਆਂ। ਹਲਕੀ ਬੂੰਦਾਂਬਾਦੀ ਤੋਂ ਬਾਅਦ ਮੌਸਮ ਮੁੜ ਸਾਫ਼ ਹੋ ਗਿਆ। ਇਸ ਕਾਰਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 21.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਅਤੇ ਘੱਟ ਤੋਂ ਘੱਟ 26.2 ਡਿਗਰੀ ਸੈਲਸੀਅਸ ਰਿਹਾ, ਜਦਕਿ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41.9 ਅਤੇ ਘੱਟ ਤੋਂ ਘੱਟ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਪਿਛਲੇ 24 ਘੰਟਿਆਂ ’ਚ ਵੱਧ ਤੋਂ ਵੱਧ ਤਾਪਮਾਨ ਵਿੱਚ 1.2 ਡਿਗਰੀ ਅਤੇ ਘੱਟ ਤੋਂ ਘੱਟ ਵਿੱਚ 5.1 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ। ਮੌਸਮ ਵਿਭਾਗ ਨੇ 5 ਮਈ ਤੱਕ ਯੈਲੋ ਅਲਰਟ ਜਾਰੀ ਰੱਖਦੇ ਹੋਏ ਇਨ੍ਹਾਂ ਦਿਨਾਂ ਦੌਰਾਨ ਮੀਂਹ-ਹਨੇਰੀ ਦੀ ਸੰਭਾਵਨਾ ਜਤਾਈ ਹੈ। ਇਸ ਕਾਰਨ ਤਾਪਮਾਨ ਵਿੱਚ ਵੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਦੂਜੇ ਪਾਸੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦਰਜ ਕੀਤਾ ਗਿਆ ਹੈ। ਮੌਜੂਦਾ ਸਮੇਂ ਵੱਧ ਤੋਂ ਵੱਧ ਏਕਿਊਆਈ 123, ਘੱਟ ਤੋਂ ਘੱਟ 31 ਅਤੇ ਔਸਤ ਏਕਿਊਆਈ 71 ਦਰਜ ਕੀਤਾ ਗਿਆ ਹੈ। ਯਾਦ ਰਹੇ ਕਿ ਇਸ ਤੋਂ ਇੱਕ ਦਿਨ ਪਹਿਲਾਂ ਸਭ ਤੋਂ ਵੱਧ ਏਕਿਊਆਈ 485 ਤੱਕ ਪੁੱਜ ਗਿਆ ਸੀ।