ਬ੍ਰਿਟੇਨ ’ਚ ਯਹੂਦੀਆਂ ਨੂੰ ਕਰਨਾ ਪੈ ਰਿਹਾ ਹਿੰਸਕ ਮੁਹਿੰਮ ਦਾ ਸਾਹਮਣਾ : ਰੱਬੀ
ਲੰਡਨ ਦੇ ਕੇਂਟਨ ਯੂਨਾਈਟਿਡ
Publish Date: Sun, 19 Apr 2026 11:27 PM (IST)
Updated Date: Sun, 19 Apr 2026 11:30 PM (IST)
ਲੰਡਨ ਦੇ ਕੇਂਟਨ ਯੂਨਾਈਟਿਡ ਸਿਨੇਗਾਗ ’ਚ ਲਾਈ ਗਈ ਅੱਗ
ਅਸ਼ਬ ਅਲ-ਯਾਮੀਨ ਅਲ-ਇਸਲਾਮੀਆ ਨੇ ਲਈ ਜ਼ਿੰਮੇਵਾਰੀ
ਲੰਡਨ (ਰਾਇਟਰ) : ਲੰਡਨ ’ਚ ਇਕ ਸਿਨੇਗਾਗ ’ਚ ਅੱਗ ਲਗਾਉਣ ਦੀ ਘਟਨਾ ਤੋਂ ਬਾਅਦ ਬ੍ਰਿਟੇਨ ਦੇ ਮੁਖੀ ਰੱਬੀ ਨੇ ਐਤਵਾਰ ਨੂੰ ਕਿਹਾ ਕਿ ਯਹੂਦੀ ਭਾਈਚਾਰੇ ਨੂੰ ਹਿੰਸਕ ਮੁਹਿੰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਿਸ ਸ਼ਹਿਰ ਦੇ ਹੈਰੋ ਇਲਾਕੇ ’ਚ ਸਥਿਤ ਕੇਂਟਨ ਯੂਨਾਈਟਿਡ ਸਿਨੇਗਾਗ ’ਚ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਹੋਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਲੰਡਨ ’ਚ ਯਹੂਦੀ ਵਿਰੋਧੀ ਅੱਗਜਨੀ ਦੀਆਂ ਕਈ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ। ਮੁਖੀ ਰੱਬੀ ਐਫ੍ਰੈਮ ਮਿਰਵਿਸ ਨੇ ਕਿਹਾ ਕਿ ਅੱਗਜਨੀ ਨਾਲ ਕੋਈ ਖਾਸ ਨੁਕਸਾਨ ਨਹੀਂ ਹੋਇਆ ਪਰ ਇਹ ਇਕ ਹਫਤੇ ਤੋਂ ਵੀ ਘੱਟ ਸਮੇਂ ’ਚ ਬ੍ਰਿਟਿਸ਼ ਰਾਜਧਾਨੀ ’ਚ ਯਹੂਦੀ ਭਾਈਚਾਰੇ ਨਾਲ ਸਬੰਧਤ ਸਥਾਨਾਂ ’ਤੇ ਇਹ ਤੀਜਾ ਕਾਇਰਤਾਪੂਰਨ ਹਮਲਾ ਸੀ।
ਮਿਰਵਿਸ ਨੇ ਐਕਸ ’ਤੇ ਪੋਸਟ ਕੀਤਾ,‘ਬ੍ਰਿਟੇਨ ’ਚ ਯਹੂਦੀ ਭਾਈਚਾਰੇ ਦੇ ਵਿਰੁੱਧ ਹਿੰਸਾ ਤੇ ਧਮਕੀ ਦੀ ਮੁਹਿੰਮ ਜ਼ੋਰ ਫੜ ਰਹੀ ਹੈ। ਸ਼ੁਕਰ ਹੈ ਕਿ ਕਿਸੇ ਦੀ ਜਾਨ ਨਹੀਂ ਗਈ ਹੈ ਪਰ ਅਸੀਂ ਹਾਲਾਤ ਬਦਲਣ ਦਾ ਇੰਤਜ਼ਾਰ ਨਹੀਂ ਕਰ ਸਕਦੇ।’
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਏਰ ਸਟਾਰਮਰ ਨੇ ਐਕਸ ’ਤੇ ਪੋਸਟ ਕੀਤਾ,‘ਲੰਡਨ ’ਚ ਹੋਈਆਂ ਯਹੂਦੀ ਵਿਰੋਧੀ ਕੋਸ਼ਿਸ਼ਾਂ ਤੋਂ ਮੈਂ ਹੈਰਾਨ ਹਾਂ। ਇਹ ਨਫਰਤ ਭਰਿਆ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੇ ਯਹੂਦੀ ਭਾਈਚਾਰੇ ’ਤੇ ਹਮਲੇ ਬ੍ਰਿਟੇਨ ’ਤੇ ਹਮਲੇ ਦੇ ਵਾਂਗ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਯਹੂਦੀ ਭਾਈਚਾਰੇ ਨਾਲ ਜੁੜੇ ਕਾਰੋਬਾਰੀ ਕੰਪਲੈਕਸ ’ਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਰਾਜਧਾਨੀ ’ਚ ਇਕ ਹੋਰ ਸਿਨੇਗਾਗ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਦੇ ਸਬੰਧ ’ਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਈਰਾਨ ਸਮਰਥਕ ਸਮੂਹ ਹਰਕਤ ਅਸ਼ਬ ਅਲ-ਯਾਮੀਨ ਅਲ-ਇਸਲਾਮੀਆ ਨੇ ਇੰਟਰਨੈੱਟ ਮੀਡੀਆ ’ਤੇ ਪੋਸਟ ਪਾ ਕੇ ਅੱਗ ਲਗਾਉਣ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਨਾਲ ਹੀ ਹਮਲੇ ਨਾਲ ਸਬੰਧਤ ਇਕ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਸਮੂਹ ਨੇ ਇਹ ਵੀ ਕਿਹਾ ਹੈ ਕਿ ਉਹ ਪੂਰੇ ਯੂਰਪ ’ਚ ਅਮਰੀਕੀ, ਇਜ਼ਰਾਇਲੀ ਤੇ ਯਹੂਦੀ ਟਿਕਾਣਿਆਂ ’ਤੇ ਹੋਏ ਕਈ ਹਮਲਿਆਂ ਲਈ ਜ਼ਿੰਮੇਵਾਰ ਹਨ।