ਸਿਵਲ ਹਸਪਤਾਲ ’ਚ ਐਕਸਰੇ ਮਸ਼ੀਨ ਖਰਾਬ, ਮਰੀਜ਼ ਪਰੇਸ਼ਾਨ
ਸਿਵਲ ਹਸਪਤਾਲ ਵਿੱਚ ਐਕਸਰੇ ਮਸ਼ੀਨ ਖਰਾਬ, ਮਰੀਜ਼ ਪਰੇਸ਼ਾਨ
Publish Date: Wed, 20 May 2026 11:34 PM (IST)
Updated Date: Wed, 20 May 2026 11:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਹਸਪਤਾਲ ’ਚ ਸਮੱਸਿਆਵਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸੀਵਰੇਜ ਪਾਈਪ ਲਾਈਨ ਪਾਉਣ ਕਾਰਨ ਲੋਕਾਂ ਨੂੰ ਆ ਰਹੀ ਦਿੱਕਤ ਤੋਂ ਹਾਲੇ ਰਾਹਤ ਨਹੀਂ ਮਿਲੀ ਸੀ ਕਿ ਹੁਣ ਐਕਸਰੇ ਮਸ਼ੀਨ ਖਰਾਬ ਹੋਣ ਨਾਲ ਮਰੀਜ਼ ਪਰੇਸ਼ਾਨ ਹੋਣ ਲੱਗੇ ਹਨ। ਬੁੱਧਵਾਰ ਨੂੰ ਐਕਸਰੇ ਮਸ਼ੀਨ ਖਰਾਬ ਹੋਣ ਕਾਰਨ ਸਿਵਲ ਹਸਪਤਾਲ ’ਚ ਐਕਸਰੇ ਨਹੀਂ ਹੋ ਸਕੇ। ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਨਿੱਜੀ ਸੈਂਟਰਾਂ ਤੋਂ ਐਕਸਰੇ ਕਰਵਾਉਣੇ ਪਏ। ਹਸਪਤਾਲ ਪ੍ਰਸ਼ਾਸਨ ਨੇ ਸਬੰਧਿਤ ਕੰਪਨੀ ਨੂੰ ਸੂਚਿਤ ਕਰਕੇ ਮਸ਼ੀਨ ਨੂੰ ਜਲਦ ਠੀਕ ਕਰਵਾਉਣ ਦੀ ਗੱਲ ਕਹੀ ਹੈ। ਬੁੱਧਵਾਰ ਸਵੇਰੇ ਕੁਝ ਐਕਸਰੇ ਕਰਨ ਤੋਂ ਬਾਅਦ ਅਚਾਨਕ ਤਕਨੀਕੀ ਖਰਾਬੀ ਕਾਰਨ ਐਕਸਰੇ ਮਸ਼ੀਨ ਬੰਦ ਹੋ ਗਈ। ਡਿਊਟੀ ’ਤੇ ਤਾਇਨਾਤ ਸਟਾਫ ਨੇ ਮਸ਼ੀਨ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੱਲ ਨਾ ਸਕੀ। ਇਸ ਦੌਰਾਨ ਐਕਸਰੇ ਕਰਵਾਉਣ ਵਾਲੇ ਮਰੀਜ਼ਾਂ ਦੀ ਲੰਮੀ ਲਾਈਨ ਲੱਗ ਗਈ। ਮਸ਼ੀਨ ਨਾ ਚੱਲਣ ਕਾਰਨ ਐਕਸਰੇ ਲਈ ਰਸੀਦ ਕਟਵਾ ਚੁੱਕੇ ਮਰੀਜ਼ਾਂ ਨੂੰ ਪੈਸੇ ਵਾਪਸ ਕਰਨੇ ਪਏ। ਸੜਕ ਹਾਦਸੇ ’ਚ ਜ਼ਖ਼ਮੀ ਹੋਏ ਸੁਰਿੰਦਰ ਸਿੰਘ ਨੂੰ ਮਜਬੂਰਨ ਨਿੱਜੀ ਸੈਂਟਰ ਤੋਂ ਐਕਸਰੇ ਕਰਵਾਉਣਾ ਪਿਆ। ਉਨ੍ਹਾਂ ਦੱਸਿਆ ਕਿ ਇਲਾਜ ਕਰ ਰਹੇ ਡਾਕਟਰ ਨੇ ਹੱਡੀ ਟੁੱਟਣ ਦੀ ਸੰਭਾਵਨਾ ਪ੍ਰਗਟਾਈ ਹੈ ਤੇ ਐਕਸਰੇ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਕਿਹਾ ਕਿ ਨਿੱਜੀ ਸੈਂਟਰ ’ਚ ਐਕਸਰੇ ਲਈ 550 ਰੁਪਏ ਲੱਗੇ, ਜਦਕਿ ਸਿਵਲ ਹਸਪਤਾਲ ’ਚ ਇਹ ਕੰਮ 250 ਰੁਪਏ ਵਿਚ ਹੋ ਜਾਣਾ ਸੀ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਦੱਸਿਆ ਕਿ ਐਕਸਰੇ ਮਸ਼ੀਨ ਬੰਦ ਹੋਣ ਦੀ ਸੂਚਨਾ ਮਿਲਦੇ ਹੀ ਸਬੰਧਿਤ ਕੰਪਨੀ ਨਾਲ ਸੰਪਰਕ ਕੀਤਾ ਗਿਆ ਹੈ। ਕੰਪਨੀ ਦੀ ਟੀਮ ਮਸ਼ੀਨ ਦੀ ਜਾਂਚ ਕਰ ਕੇ ਉਸ ਨੂੰ ਜਲਦ ਠੀਕ ਕਰੇਗੀ।