ਪ੍ਰੋ. ਵੜੈਚ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
‘ਗਦਰੀ ਬਾਬਿਆਂ ਦੇ ਮੁਣਸ਼ੀ’ ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Publish Date: Tue, 12 May 2026 07:45 PM (IST)
Updated Date: Tue, 12 May 2026 07:48 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸੀਪੀਆਈ (ਐੱਮ) ਦੇ ਸੀਨੀਅਰ ਆਗੂ ਤੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਲਹਿੰਬਰ ਸਿੰਘ ਤੱਗੜ, ਕਾਮਰੇਡ ਗੁਰਚੇਤਨ ਸਿੰਘ ਬਾਸੀ ਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਅਤੇ ਇਨਕਲਾਬੀ ਲਹਿਰਾਂ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਡਾ. ਮਾਲਵਿੰਦਰਜੀਤ ਸਿੰਘ ਵੜੈਚ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਇਕ ਸਾਂਝੇ ਬਿਆਨ ਵਿਚ ਉਨ੍ਹਾਂ ਕਿਹਾ ਕਿ 96 ਸਾਲ ਦੀ ਉਮਰ ਤੱਕ ਸਰਗਰਮ ਰਹੇ ਪ੍ਰੋ. ਵੜੈਚ ਨੇ ਆਪਣਾ ਪੂਰਾ ਜੀਵਨ ਗਦਰ ਪਾਰਟੀ, ਗਦਰੀ ਬਾਬਿਆਂ, ਬੱਬਰ ਅਕਾਲੀ ਲਹਿਰ, ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਅਤੇ ਹੋਰ ਇਨਕਲਾਬੀ ਲਹਿਰਾਂ ਦੇ ਇਤਿਹਾਸ ਨੂੰ ਖੋਜਣ ਅਤੇ ਸੰਭਾਲਣ ਲਈ ਸਮਰਪਿਤ ਕੀਤਾ।
ਪੰਜਾਬ ਦੇ ਬੁੱਧੀਜੀਵੀ ਹਲਕਿਆਂ ਵੱਲੋਂ ਉਨ੍ਹਾਂ ਨੂੰ “ਗਦਰੀ ਬਾਬਿਆਂ ਦੇ ਮੁਣਸ਼ੀ” ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰੋ. ਵੜੈਚ ਨੇ ਆਪਣੇ ਸਮੇਂ ਦੇ ਜੀਵਤ ਗਦਰੀ ਬਾਬਿਆਂ, ਭਗਤ ਸਿੰਘ ਜੀ ਦੀ ਮਾਤਾ ਵਿਦਿਆਵਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਨਾਲ ਮੁਲਾਕਾਤਾਂ ਕਰਕੇ ਲੰਬੀਆਂ ਇੰਟਰਵਿਊਜ਼ ਦੇ ਆਧਾਰ ’ਤੇ ਇਤਿਹਾਸਕ ਤੱਥ ਇਕੱਠੇ ਕੀਤੇ। ਉਨ੍ਹਾਂ ਨੇ ਇਤਿਹਾਸ ਨਾਲ ਸਬੰਧਤ 62 ਪੁਸਤਕਾਂ ਲਿਖੀਆਂ ਜਾਂ ਸੰਪਾਦਿਤ ਕੀਤੀਆਂ, ਜੋ ਭਵਿੱਖੀ ਪੀੜ੍ਹੀਆਂ ਲਈ ਕੀਮਤੀ ਧਰੋਹਰ ਹਨ। ਕਾਮਰੇਡ ਤੱਗੜ ਨੇ ਦੱਸਿਆ ਕਿ 1960 ਦੇ ਦਹਾਕੇ ਦੌਰਾਨ ਪ੍ਰੋ. ਵੜੈਚ ਨੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਰਾਜਿੰਦਰ ਸਿੰਘ ਚੀਮਾ ਅਤੇ ਹੋਰ ਨੌਜਵਾਨਾਂ ਨਾਲ ਮਿਲ ਕੇ “ਯੁਵਕ ਕੇਂਦਰ” ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਦਾ ਮੁੱਖ ਉਦੇਸ਼ ਪੰਜਾਬ ਦੀਆਂ ਇਨਕਲਾਬੀ ਲਹਿਰਾਂ ਦਾ ਇਤਿਹਾਸ ਖੋਜਣਾ ਅਤੇ ਲਿਖਣਾ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੋ. ਜਗਮੋਹਨ ਸਿੰਘ ਨੇ ਵੀ ਪ੍ਰੋ. ਵੜੈਚ ਦੇ ਵਿਛੋੜੇ ’ਤੇ ਵਿਸ਼ੇਸ਼ ਤੌਰ ’ਤੇ ਸੰਵੇਦਨਾ ਸੰਦੇਸ਼ ਭੇਜਿਆ ਗਿਆ ਹੈ। ਬਿਆਨ ਦੇ ਅੰਤ ’ਚ ਕਾਮਰੇਡ ਤੱਗੜ, ਗੁਰਚੇਤਨ ਸਿੰਘ ਬਾਸੀ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ ਦੇ ਇਨਕਲਾਬੀ ਵਿਚਾਰਾਂ ਅਤੇ ਇਤਿਹਾਸਕ ਕਾਰਜਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।