ਏਪੀਐੱਸ ਕਾਲਜ ਮਲਸੀਆਂ ’ਚ ਮਨਾਇਆ ਨਰਸਿਜ਼ ਡੇ
ਏਪੀਐਸ ਕਾਲਜ ਮਲਸੀਆਂ ਵਿਖੇ ਮਨਾਇਆ ਵਿਸ਼ਵ ਨਰਸਿਜ਼ ਡੇ
Publish Date: Wed, 13 May 2026 10:35 PM (IST)
Updated Date: Wed, 13 May 2026 10:36 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਏਪੀਐੱਸ ਕਾਲਜ ਆਫ ਨਰਸਿੰਗ ਮਲਸੀਆਂ ਵਿਖੇ ਪ੍ਰਬੰਧਕ ਰਾਮ ਮੂਰਤੀ ਅਤੇ ਮੈਨੇਜਮੈਂਟ ਦੇ ਸਹਿਯੋਗ ਨਾਲ ਵਿਸ਼ਵ ਨਰਸਿਜ਼ ਡੇ ਮਨਾਇਆ ਗਿਆ। ਸਮਾਗਮ ਦਾ ਆਗਾਜ਼ ਪ੍ਰਿੰਸੀਪਲ ਜੇ. ਚੌਹਾਨ ਤੇ ਸਟਾਫ ਵੱਲੋਂ ਸਾਂਝੇ ਤੌਰ ‘ਤੇ 'ਫਲੋਰੈਂਸ ਨਾਈਟੇਂਗਲ' ਦੀ ਤਸਵੀਰ ਅੱਗੇ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਸੰਬੋਧਨ ਕਰਦਿਆਂ ਪ੍ਰਿੰਸੀਪਲ ਜੇ. ਚੌਹਾਨ ਨੇ ਸਾਰਿਆਂ ਨੂੰ ਵਿਸ਼ਵ ਨਰਸਿਜ਼ ਡੇ ਦੀ ਵਧਾਈ ਦਿੱਤੀ ਤੇ ਇਸ ਸਾਲ ਦੇ ਵਿਸ਼ੇ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇੱਕ ਨਰਸ ਬਿਮਾਰ ਵਿਅਕਤੀ ਲਈ ਫਰਿਸ਼ਤੇ ਵਾਂਗ ਹੁੰਦੀ ਹੈ, ਇਸ ਲਈ ਆਪਣੀ ਡਿਊਟੀ ਹਮੇਸ਼ਾ ਸੇਵਾ ਭਾਵਨਾ, ਨਿਮਰਤਾ ਅਤੇ ਸਮਰਪਣ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਹਸਪਤਾਲਾਂ ’ਚ ਨਰਸਾਂ ਦੀ ਅਹਿਮੀਅਤ ਦੱਸਦਿਆਂ ਇਸ ਪੇਸ਼ੇ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਇਸ਼ੂ ਸੰਧੂ ਨੇ ਵਿਦਿਆਰਥੀਆਂ ਨੂੰ ਫਲੋਰੈਂਸ ਨਾਈਟੇਂਗਲ ਦੇ ਜੀਵਨ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਕਿਵੇਂ ਉਹ ਰਾਤ ਨੂੰ ਵੀ ਲਾਲਟੈਣ ਲੈ ਕੇ ਜ਼ਖ਼ਮੀ ਫੌਜੀਆਂ ਦੀ ਮਦਦ ਕਰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ 'ਲਾਲਟੈਣ ਵਾਲੀ ਔਰਤ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵਿਦਿਆਰਥੀਆਂ ਵੱਲੋਂ ਫਲੋਰੈਂਸ ਨਾਈਟੇਂਗਲ ਦੇ ਜੀਵਨ ਨੂੰ ਦਰਸਾਉਂਦਾ ਹੋਇਆ ਇਕ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ। ਬਿਮਾਰਾਂ ਦੀ ਦੇਖ-ਰੇਖ ਵਿਚ ਸੇਵਾ ਭਾਵਨਾ ਵਧਾਉਣ ਦੇ ਵਿਸ਼ੇ ‘ਤੇ ਆਪਸੀ ਵਿਚਾਰ-ਚਰਚਾ ਅਤੇ ਛੋਟੇ ਨਾਟਕ ਖੇਡੇ ਗਏ। ਵਿਦਿਆਰਥੀਆਂ ਦੇ ਲੇਖ ਰਚਨਾ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਮੈਨੇਜਮੈਂਟ ਵੱਲੋਂ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫਲੋਰੈਂਸ ਨਾਈਟੇਂਗਲ ਦੇ ਜਨਮ ਦਿਨ ਨੂੰ ਸਮਰਪਿਤ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਅੰਤ ’ਚ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਾਈ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਪਵਨਦੀਪ ਕੌਰ, ਕੋਆਰਡੀਨੇਟਰ ਕੁਲਦੀਪ ਚੌਹਾਨ, ਮਨਦੀਪ ਕੌਰ, ਮਨਜੀਤ ਸਿੰਘ, ਰਮਨਦੀਪ ਕੌਰ, ਨੀਤੂ, ਮਨਪ੍ਰੀਤ, ਪ੍ਰਭਜੋਤ ਕੌਰ, ਇੰਦਰਬੀਰ ਕੌਰ, ਗੁਰਪ੍ਰੀਤ ਕੌਰ, ਨਵਜੀਤ, ਬਲਜਿੰਦਰ ਕੌਰ, ਸ਼ਾਰਾ, ਸੁਖਲੀਨ, ਸ਼ਿਵਾਲੀ, ਆਫਿਸ ਸੁਪਰਡੈਂਟ ਜਸਵਿੰਦਰ ਸਿੰਘ, ਹਰਜੀਤ ਸਿੰਘ, ਵਰਖਾ, ਅਮਨਪ੍ਰੀਤ, ਪਰਮਿੰਦਰ ਕੌਰ, ਰਾਹੁਲ ਕੁਮਾਰ, ਜਸਮੇਲ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ।