ਤੰਦਰੁਸਤੀ ਲਈ ਖੇਡਾਂ ਤੇ ਸਰੀਰਕ ਸਰਗਰਮੀਆਂ ਜ਼ਰੂਰੀ : ਡਾ. ਦਿਵੇਦੀ
ਕੇਐੱਮਵੀ ’ਚ ਵਿਸ਼ਵ ਐਥਲੈਟਿਕਸ ਦਿਵਸ ਮਨਾਇਆ
Publish Date: Thu, 07 May 2026 08:10 PM (IST)
Updated Date: Thu, 07 May 2026 08:11 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਤੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਵਿਸ਼ਵ ਐਥਲੈਟਿਕਸ ਦਿਵਸ ਮਨਾਇਆ ਗਿਆ। ਇਸ ਦੌਰਾਨ ਰੱਸੀ ਟੱਪਣਾ, 50 ਮੀਟਰ ਦੌੜ, ਲੈਮਨ ਰੇਸ, ਬੋਰੀ ਦੌੜ ਤੇ ਰੱਸਾ-ਕਸ਼ੀ ਵਰਗੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸਕੂਲ ਦੀ ਡਾਇਰੈਕਟਰ ਪ੍ਰੋਫੈਸਰ ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਖੇਡ ਮੈਦਾਨ ’ਚ ਸਾਰੇ ਭਾਗੀਦਾਰਾਂ ਦੇ ਸਮਰਪਣ, ਅਨੁਸ਼ਾਸਨ ਤੇ ਸ਼ਲਾਘਾਯੋਗ ਯਤਨਾਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਤੇ ਸੰਤੁਲਿਤ ਮਨ ਬਣਾਈ ਰੱਖਣ ਲਈ ਖੇਡਾਂ ਤੇ ਸਰੀਰਕ ਸਰਗਰਮੀਆਂ ਜ਼ਰੂਰੀ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਸਰਗਰਮੀਆਂ ਵਿੱਚ ਸਰਗਰਮੀ ਨਾਲ ਤੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਨੇ ਪੂਰੇ ਪ੍ਰੋਗਰਾਮ ਨੂੰ ਸਫਲ ਕਰਵਾਉਣ ਲਈ ਡਾ. ਮਧੂਮੀਤ ਡੀਨ, ਵਿਦਿਆਰਥੀ ਭਲਾਈ ਤੇ ਮੁਖੀ, ਪੀ.ਜੀ. ਅੰਗਰੇਜ਼ੀ ਵਿਭਾਗ ਆਨੰਦ ਪ੍ਰਭਾ ਇੰਚਾਰਜ, ਕੇ.ਐੱਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਤੇ ਡਾ. ਦਵਿੰਦਰ ਮੁਖੀ, ਸਰੀਰਕ ਸਿੱਖਿਆ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਨਿਸ਼ਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਰੱਸੀ ਟੱਪਣ ਦੇ ਮੁਕਾਬਲੇ ਵਿਚ ਤਮੰਨਾ (+1 ਆਰਟਸ) ਨੇ ਪਹਿਲਾ, ਪਰਨੀਤ (+1 ਆਰਟਸ) ਨੇ ਦੂਜਾ ਅਤੇ ਮਨਜੋਤ (+2 ਮੈਡੀਕਲ) ਨੇ ਤੀਜਾ ਸਥਾਨ ਹਾਸਲ ਕੀਤਾ। 50 ਮੀਟਰ ਦੌੜ ਵਿੱਚ ਜੈਸਮੀਨ ਕੌਰ (+2 ਕਾਮਰਸ) ਪਹਿਲੇ, ਪਰਨੀਤ (+1 ਆਰਟਸ) ਦੂਜੇ ਅਤੇ ਸ਼ੀਤਲ (+1 ਆਰਟਸ) ਤੀਜੇ ਸਥਾਨ 'ਤੇ ਰਹੀ। ਲੈਮਨ ਰੇਸ ਵਿਚ ਅੰਜਲੀ (+1 ਆਰਟਸ) ਨੇ ਪਹਿਲਾ, ਨੇਹਾ (+2 ਨਾਨ-ਮੈਡੀਕਲ) ਨੇ ਦੂਜਾ ਅਤੇ ਅੰਸ਼ਿਤਾ (+2 ਨਾਨ-ਮੈਡੀਕਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੋਰੀ ਦੌੜ ਵਿੱਚ ਪ੍ਰਿੰਸੀ (+2 ਮੈਡੀਕਲ) ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਐਂਜਲ (+1 ਆਰਟਸ) ਦੂਜੇ ਅਤੇ ਵਾਹੇਨੂਰ (+1 ਨਾਨ-ਮੈਡੀਕਲ) ਤੀਜੇ ਸਥਾਨ 'ਤੇ ਰਹੀ।