ਹਲਕਾ ਇੰਚਾਰਜ ਦੀ ਨਿਯੁਕਤੀ ਨਾ ਹੋਣ ਕਾਰਨ ਵਰਕਰ ਨਿਰਾਸ਼
ਆਦਮਪੁਰ ਹਲਕੇ ’ਚ ਹਲਕਾ ਇੰਚਾਰਜ ਦੀ ਨਿਯੁਕਤੀ ਨਾ ਹੋਣ ਕਾਰਨ ਵਰਕਰਾਂ ’ਚ ਨਿਰਾਸ਼ਾ
Publish Date: Thu, 30 Apr 2026 09:50 PM (IST)
Updated Date: Thu, 30 Apr 2026 09:52 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਵਿਧਾਨਸਭਾ ਹਲਕਾ ਆਦਮਪੁਰ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਦੀ ਨਿਯੁਕਤੀ ਨਾ ਕੀਤੇ ਜਾਣ ਕਾਰਨ ਪਾਰਟੀ ਵਰਕਰਾਂ ’ਚ ਨਿਰਾਸ਼ਾ ਤੇ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ। ਇਸ ਦੇ ਨਾਲ ਹੀ ਵਰਕਰਾਂ ਦੇ ਜੋਸ਼ ’ਚ ਵੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਾਲ ਹੀ ’ਚ ਪਾਰਟੀ ਵੱਲੋਂ ਬਿਜਲੀ ਕੱਟਾਂ ਦੇ ਵਿਰੋਧ ’ਚ ਕੀਤੇ ਗਏ ਸੂਬਾ ਪੱਧਰੀ ਧਰਨਿਆਂ ਦੌਰਾਨ ਵੀ ਹਲਕਾ ਆਦਮਪੁਰ ਦੇ ਸਿਰਫ਼ ਕੁਝ ਹੀ ਸੀਨੀਅਰ ਆਗੂ ਮੌਜੂਦ ਰਹੇ, ਜਦਕਿ ਵੱਡੀ ਗਿਣਤੀ ’ਚ ਵਰਕਰ ਤੇ ਆਗੂ ਗੈਰ-ਹਾਜ਼ਰ ਰਹੇ। ਸਥਾਨਕ ਵਰਕਰਾਂ ਦਾ ਕਹਿਣਾ ਹੈ ਕਿ ਹਲਕੇ ਲਈ ਹਾਲੇ ਤੱਕ ਕੋਈ ਸਪਸ਼ਟ ਇੰਚਾਰਜ ਨਾ ਹੋਣ ਕਾਰਨ ਸੰਗਠਨਾਤਮਕ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਅਨੁਸਾਰ ਸਥਾਨਕ, ਟਕਸਾਲੀ ਤੇ ਹਾਈ ਕਮਾਂਡ ਵੱਲੋਂ ਸੰਭਾਵਿਤ ਇੰਚਾਰਜ ਨੂੰ ਲੈ ਕੇ ਚੱਲ ਰਹੀ ਬੇਯਕੀਨੀ ਕਾਰਨ ਹਲਕੇ ’ਚ ਧੜੇਬੰਦੀ ਦੇ ਹਾਲਾਤ ਬਣਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਆਦਮਪੁਰ ਹਲਕਾ ਸ਼੍ਰੋਮਣੀ ਅਕਾਲੀ ਦਲ ਦਾ ਕਾਫੀ ਮਜ਼ਬੂਤ ਆਧਾਰ ਰਿਹਾ ਹੈ ਅਤੇ ਪਿਛਲੇ ਸਮਿਆਂ ਵਿੱਚ ਇੱਥੋਂ ਪਾਰਟੀ ਨੇ ਵਿਧਾਨਸਭਾ ਚੋਣਾਂ ਵਿੱਚ ਜਿੱਤ ਵੀ ਦਰਜ ਕੀਤੀ ਹੈ। ਹਾਲਾਂਕਿ ਸਮੇਂ ਦੇ ਨਾਲ ਪਾਰਟੀ ਦੀ ਸਥਿਤੀ ਕਮਜ਼ੋਰ ਹੋਣ ਅਤੇ ਵੱਡੇ ਆਗੂਆਂ ਦੇ ਪਾਰਟੀ ਛੱਡਣ ਕਾਰਨ ਵਰਕਰਾਂ ਦਾ ਮਨੋਬਲ ਵੀ ਪ੍ਰਭਾਵਿਤ ਹੋਇਆ ਹੈ। ਸਥਾਨਕ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇ ਜਲਦ ਹੀ ਹਲਕਾ ਇੰਚਾਰਜ ਦੀ ਨਿਯੁਕਤੀ ਨਹੀਂ ਕੀਤੀ ਗਈ ਤਾਂ ਵਰਕਰਾਂ ਦੀ ਨਿਰਾਸ਼ਾ ਹੋਰ ਵੱਧ ਸਕਦੀ ਹੈ, ਜਿਸ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪੈ ਸਕਦਾ ਹੈ। ਪਾਰਟੀ ਅੰਦਰ ਇਸ ਵੇਲੇ ਇੰਚਾਰਜ ਦੀ ਚੋਣ ਨੂੰ ਲੈ ਕੇ ਵੱਖ-ਵੱਖ ਰਾਏ ਸਾਹਮਣੇ ਆ ਰਹੀਆਂ ਹਨ, ਜਿੱਥੇ ਕੁਝ ਆਗੂ ਸਥਾਨਕ ਚਿਹਰੇ ਦੀ ਮੰਗ ਕਰ ਰਹੇ ਹਨ, ਕੁਝ ਟਕਸਾਲੀ ਆਗੂ ਨੂੰ ਜ਼ਿੰਮੇਵਾਰੀ ਦੇਣ ਦੀ ਵਕਾਲਤ ਕਰ ਰਹੇ ਹਨ, ਜਦਕਿ ਕੁਝ ਹਾਈ ਕਮਾਂਡ ਵੱਲੋਂ ਫੈਸਲਾ ਲੈਣ ਦੀ ਗੱਲ ਕਰ ਰਹੇ ਹਨ। ਵਰਕਰਾਂ ਨੇ ਪਾਰਟੀ ਹਾਈ ਕਮਾਂਡ ਤੋਂ ਜਲਦੀ ਫੈਸਲਾ ਲੈਣ ਦੀ ਮੰਗ ਕੀਤੀ ਹੈ ਤਾਂ ਜੋ ਹਲਕੇ ਵਿੱਚ ਸੰਗਠਨ ਨੂੰ ਮਜ਼ਬੂਤੀ ਮਿਲ ਸਕੇ ਤੇ ਧੜੇਬੰਦੀ ਤੋਂ ਬਚਿਆ ਜਾ ਸਕੇ।