ਪੀਏਪੀ ਫਲਾਈਓਵਰ ਨਾਲ ਨਵਾਂ ਰੈਂਪ ਬਣਾਉਣ ਦਾ ਕੰਮ ਸ਼ੁਰੂ, ਛੇ ਮਹੀਨੇ ’ਚ ਅੰਮ੍ਰਿਤਸਰ ਲਈ ਮਿਲੇਗਾ ਸਿੱਧਾ ਰਾਹ
ਪੀਏਪੀ ਫਲਾਈਓਵਰ ਨਾਲ ਨਵਾਂ ਰੈਂਪ ਬਣਾਉਣ ਦਾ ਕੰਮ ਸ਼ੁਰੂ, ਛੇ ਮਹੀਨੇ ’ਚ ਅੰਮ੍ਰਿਤਸਰ ਲਈ ਮਿਲੇਗਾ ਸਿੱਧਾ ਰਾਹ
Publish Date: Mon, 20 Apr 2026 10:14 PM (IST)
Updated Date: Mon, 20 Apr 2026 10:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਏਪੀ ਚੌਕ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਵਾਹਨਾਂ ਨੂੰ ਹੁਣ ਸਿੱਧਾ ਰਸਤਾ ਮਿਲੇਗਾ। ਹਾਲ ਹੀ ’ਚ ਪੀਏਪੀ ਫਲਾਈਓਵਰ ਨਾਲ ਨਵਾਂ ਰੈਂਪ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਲਗਪਗ ਸੱਤ ਸਾਲ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਮੌਜੂਦਾ ਸਮੇਂ ’ਚ ਸ਼ਹਿਰ ਤੋਂ ਨਿਕਲਣ ਵਾਲੇ ਵਾਹਨ, ਬੱਸ ਸਟੈਂਡ ਤੋਂ ਨਿਕਲਣ ਵਾਲੀਆਂ ਬੱਸਾਂ ਸਮੇਤ ਹੋਰ ਵਾਹਨਾਂ ਨੂੰ ਬੀਐੱਸਐੱਫ ਚੌਕ ਤੋਂ ਪੀਏਪੀ ਚੌਕ ਰਾਹੀਂ ਰਾਮਾ ਮੰਡੀ ਜਾ ਕੇ ਯੂ-ਟਰਨ ਲੈ ਕੇ ਅੰਮ੍ਰਿਤਸਰ ਵੱਲ ਜਾਣਾ ਪੈਂਦਾ ਹੈ ਪਰ ਨਵਾਂ ਰੈਂਪ ਬਣਨ ਤੋਂ ਬਾਅਦ ਵਾਹਨ ਚਾਲਕਾਂ ਨੂੰ ਤਿੰਨ ਕਿੱਲੋਮੀਟਰ ਦੇ ਵਾਧੂ ਸਫਰ ਤੋਂ ਰਾਹਤ ਮਿਲੇਗੀ। ਇਸ ਨਾਲ ਸਮੇਂ ਦੀ ਬੱਚਤ ਹੋਵੇਗੀ, ਪੈਟਰੋਲ-ਡੀਜ਼ਲ ਦੀ ਖਪਤ ਘਟੇਗੀ ਤੇ ਰਾਮਾ ਮੰਡੀ ’ਚ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਵੀ ਛੁਟਕਾਰਾ ਮਿਲੇਗਾ। ----------------------- 300 ਮੀਟਰ ਲੰਮਾ ਤੇ 5.5 ਮੀਟਰ ਚੌੜਾ ਹੋਵੇਗਾ ਰੈਂਪ ਨਿਰਮਾਣ ਏਜੰਸੀ ਰਾਮ ਕੁਮਾਰ ਕੰਸਟ੍ਰਕਸ਼ਨ ਦੇ ਸੀਨੀਅਰ ਇੰਜੀਨੀਅਰ ਤਰੁਣ ਪੁਰੀ ਨੇ ਦੱਸਿਆ ਕਿ ਨਿਰਮਾਣ ਦੌਰਾਨ ਹਾਈਵੇ ਟ੍ਰੈਫਿਕ ਨੂੰ ਡਾਇਵਰਟ ਕਰਨ ਦੀ ਲੋੜ ਨਹੀਂ ਪਵੇਗੀ। ਮੇਨ ਹਾਈਵੇ ਪਹਿਲਾਂ ਵਾਂਗ ਚੱਲਦਾ ਰਹੇਗਾ। ਪੀਏਪੀ ਸ਼ੂਟਿੰਗ ਰੇਂਜ, ਗੋਲਫ ਕੋਰਸ ਤੇ ਹਾਕੀ ਗਰਾਊਂਡ ਵਾਲੀ ਸਾਈਡ ਤੋਂ 300 ਮੀਟਰ ਲੰਮਾ ਤੇ 5.5 ਮੀਟਰ ਚੌੜਾ ਰੈਂਪ ਬਣਾਇਆ ਜਾਵੇਗਾ। ਇਹ ਰੈਂਪ ਚੁਗਿੱਟੀ ਵੱਲ ਚੜ੍ਹੇਗਾ, ਜਿੱਥੇ ਪਹਿਲਾਂ ਹੀ ਅੰਡਰਪਾਸ ਬਣਿਆ ਹੋਇਆ ਹੈ। ਨਵਾਂ ਰੈਂਪ ਵਾਹਨ ਅੰਡਰਪਾਸ ਨੇੜੇ ਆ ਕੇ ਪੁਰਾਣੇ ਫੋਰ ਲੇਨ ਫਲਾਈਓਵਰ ਨਾਲ ਜੁੜੇਗਾ। ਇਸ ਲਈ ਰੇਲਵੇ ਲਾਈਨ ’ਤੇ ਕਿਸੇ ਵੀ ਤਰ੍ਹਾਂ ਦੀ ਸਲੈਬ ਪਾਉਣ ਦੀ ਲੋੜ ਨਹੀਂ ਪਵੇਗੀ। ਰੈਂਪ ਦੇ ਨਾਲ ਸਰਵਿਸ ਰੋਡ ਬਣਾਉਣ ਲਈ ਪੀਏਪੀ ਕੈਂਪਸ ਤੋਂ ਪਹਿਲਾਂ ਹੀ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ। ਇਸ ਲਈ ਪੀਏਪੀ ਦੀ ਚਾਰਦੀਵਾਰੀ ਨੂੰ ਸ਼ਿਫਟ ਕਰਨ ਦਾ ਕੰਮ ਹੋ ਚੁੱਕਾ ਹੈ। ਚਾਰਦੀਵਾਰੀ ਨਾਲ ਮੀਂਹ ਦੇ ਪਾਣੀ ਦੀ ਨਿਕਾਸ ਲਈ ਡਰੇਨ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਦਕਿ ਸਰਵਿਸ ਰੋਡ ਨੂੰ ਵੀ ਚੌੜਾ ਕੀਤਾ ਜਾਵੇਗਾ। ਇਸ ਦੀ ਸਿਫਾਰਸ਼ ਸਾਬਕਾ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਕੀਤੀ ਸੀ। ਰੈਂਪ ਲਈ 4.60 ਕਰੋੜ ਰੁਪਏ ਦੀ ਲਾਗਤ ਵਾਲੀ ਡਰਾਇੰਗ ਮਨਜ਼ੂਰ ਹੋਣ ਤੋਂ ਬਾਅਦ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡੀਸੀ ਦੀ ਸਿਫਾਰਸ਼ ਅਨੁਸਾਰ ਕੁੱਲ ਲਾਗਤ ’ਚ ਛੇਤੀ ਸੋਧ ਵੀ ਕੀਤੀ ਜਾਵੇਗੀ। -------------------------- ਕਿਹੜੇ ਇਲਾਕਿਆਂ ਨੂੰ ਹੋਵੇਗਾ ਫਾਇਦਾ ਅੰਮ੍ਰਿਤਸਰ ਵੱਲ ਜਾਣ ਵਾਲੇ ਟ੍ਰੈਫਿਕ ਦੇ ਨਾਲ ਸ਼ਹਿਰ ਦੇ ਕਈ ਇਲਾਕਿਆਂ ਨੂੰ ਇਸ ਨਵੇਂ ਰੈਂਪ ਨਾਲ ਫਾਇਦਾ ਹੋਵੇਗਾ ਤੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਇਸ ’ਚ ਚੁਗਿੱਟੀ, ਲੰਮਾ ਪਿੰਡ, ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ ਕਾਲੋਨੀਆਂ, ਗੁਰੂ ਨਾਨਕਪੁਰਾ, ਰੇਲ ਵਿਹਾਰ, ਮਹਾਰਾਜਾ ਗਾਰਡਨ, ਇੰਡੀਆਨ ਆਇਲ ਕੰਪਲੈਕਸ, ਲੱਦੇਵਾਲੀ, ਪੀਏਪੀ ਤੋਂ ਵੇਰਕਾ ਮਿਲਕ ਪਲਾਂਟ ਇਲਾਕਾ, ਮਕਸੂਦਾਂ, ਐੱਨਆਈਟੀ, ਵਿਧਿਪੁਰ ਤੇ ਕਰਤਾਰਪੁਰ ਵੱਲ ਜਾਣ ਵਾਲੇ ਲੋਕਾਂ ਨੂੰ ਖਾਸ ਰਾਹਤ ਮਿਲੇਗੀ। ਇਸ ਪ੍ਰੋਜੈਕਟ ਲਈ ਕਿਸੇ ਵੀ ਸਰਕਾਰੀ ਜਾਂ ਨਿੱਜੀ ਸੰਪਤੀ ਨੂੰ ਤੋੜਨ ਜਾਂ ਹਟਾਉਣ ਦੀ ਲੋੜ ਨਹੀਂ ਪਵੇਗੀ। ----------------------- ਛੇ ਮਹੀਨੇ ’ਚ ਮੁਕੰਮਲ ਹੋਵੇਗਾ ਕੰਮ ਕੰਪਨੀ ਦੇ ਸੀਨੀਅਰ ਇੰਜੀਨੀਅਰ ਤਰੁਣ ਪੁਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਇਕ ਸਾਲ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਪਰ ਉਮੀਦ ਹੈ ਕਿ ਛੇ ਮਹੀਨੇ ’ਚ ਕੰਮ ਪੂਰਾ ਕਰਕੇ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਜਲਦੀ ਰਾਹਤ ਮਿਲ ਸਕੇ। --------------------- ਹਾਦਸੇ ਤੋਂ ਬਾਅਦ ਤੋਂ ਬੰਦ ਪਿਆ ਹੈ ਰਸਤਾ ਪੀਏਪੀ ਫਲਾਈਓਵਰ ਦੀ ਸ਼ੁਰੂਆਤ ਵਾਲੇ ਦਿਨ ਤੋਂ ਹੀ ਅੰਮ੍ਰਿਤਸਰ ਵੱਲ ਜਾਣ ਵਾਲਾ ਰਸਤਾ ਬੰਦ ਪਿਆ ਹੈ। ਸਾਲ 2019 ’ਚ ਰਸਤਾ ਖੋਲ੍ਹਣ ਤੋਂ ਕੁਝ ਮਿੰਟਾਂ ’ਚ ਹੀ ਇਕ ਵਾਹਨ ਸਾਹਮਣੇ ਆ ਰਹੇ ਵਾਹਨ ਨਾਲ ਟਕਰਾ ਗਿਆ ਸੀ। ਇਸ ਤੋਂ ਬਾਅਦ ਤਤਕਾਲੀ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਮੌਕੇ ’ਤੇ ਹੀ ਬੈਰੀਕੇਡ ਲਗਵਾ ਕੇ ਰਸਤਾ ਬੰਦ ਕਰਵਾ ਦਿੱਤਾ ਸੀ। ਉਸ ਸਮੇਂ ਤੋਂ ਹੀ ਰਾਮਾਮੰਡੀ ਤੋਂ ਯੂ-ਟਰਨ ਲੈ ਕੇ ਆਉਣਾ ਪੈਂਦਾ ਹੈ ਤੇ ਉਦੋਂ ਤੋਂ ਹੀ ਰੈਂਪ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ।