ਇੰਦਰਾ ਦਾਣਾ ਮੰਡੀ ਦਾ ਫੜ੍ਹ ਉੱਚਾ ਕਰਨ ਦਾ ਕੰਮ ਸ਼ੁਰੂ
ਇੰਦਰਾ ਦਾਣਾ ਮੰਡੀ ਦਾ ਫੜ੍ਹ ਉੱਚਾ ਕਰਨ ਦਾ ਕੰਮ ਸ਼ੁਰੂ
Publish Date: Wed, 06 May 2026 07:15 PM (IST)
Updated Date: Wed, 06 May 2026 07:17 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਰਾਸ਼ਟਰੀ ਮਾਰਗ ਨੂੰ ਜੋੜਦੇ ਨਗਰ ਦੇ ਮੁੱਖ ਮਾਰਗ ਤੇ ਸਥਿਤ ਇੰਦਰਾ ਦਾਣਾ ਮੰਡੀ ਦੇ ਫੜ੍ਹ ਨੂੰ ਉੱਚਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 1973 ਵਿਚ ਇਸ ਜਗ੍ਹਾ ਨੂੰ ਮੰਡੀ ਕਮੇਟੀ ਦੇ ਮੈਂਬਰਾਂ ਵੱਲੋਂ ਮਾਰਕੀਟ ਕਮੇਟੀ ਲੋਹੀਆਂ ਨੂੰ 99 ਸਾਲਾਂ ਲਈ ਇਕ ਰੁਪਏ ਸਾਲਾਨਾ ਦਰ ਦੀ ਲੀਜ਼ ਤੇ ਦਿੱਤਾ ਗਿਆ ਸੀ ਤੇ ਲੋੜ ਅਨੁਸਾਰ ਮਾਰਕੀਟ ਕਮੇਟੀ ਵੱਲੋਂ 2-3 ਵਾਰ ਇਸ ਦੇ ਫੜ੍ਹ ਨੂੰ ਉੱਚਾ ਕੀਤਾ ਗਿਆ ਹੈ ਜਦ’ਕਿ 20-25 ਸਾਲ ਹੋਏ ਮੰਡੀ ਦੇ ਫੜ੍ਹ ਤੇ ਸ਼ੈੱਡ ਵੀ ਉਸਾਰਿਆ ਗਿਆ ਸੀ। ਬਾਵਜੂਦ ਇਸਦੇ, ਮੰਡੀ ਦੇ ਬਾਹਰ ਦੀਆਂ ਸੜਕਾਂ ਦਾ ਲੈਵਲ ਉੱਚਾ ਚੁੱਕਣ ਕਰਕੇ ਮੰਡੀ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ ਜਿਸ ਕਰਕੇ ਮੰਡੀ ਬੋਰਡ ਦੇ ਅਧਿਕਾਰੀ, ਆੜ੍ਹਤੀ ਅਤੇ ਕਿਸਾਨ ਕਈ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਕਰਨ ਨੂੰ ਮਜਬੂਰ ਸਨ। ਮੰਡੀ ਨਾਲ ਵਾਬਸਤਾ ਹਰ ਵਰਗ ਦੇ ਲੋਕਾਂ ਵੱਲੋਂ ਰਾਜਨੀਤਿਕ ਲੋਕਾਂ ਤੱਕ ਪਹੁੰਚ ਵੀ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਨਤੀਜਾ ਕੋਈ ਨਹੀਂ ਨਿਕਲਿਆ। ਮੌਜੂਦਾ ਤੌਰ ’ਤੇ ਫੜ੍ਹ ਨੂੰ ਉੱਚਾ ਕਰਨ ਲਈ ਦੋ ਕਰੋੜ 43 ਲੱਖ ਦਾ ਟੈਂਡਰ ਪਾਸ ਕੀਤਾ ਗਿਆ ਸੀ , ਜਿਸਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਅਰਦਾਸ ਕਰਵਾਈ ਗਈ ਤੇ ਲੱਡੂ ਵੰਡੇ ਗਏ। ਜੇਸੀਬੀ ਮਸ਼ੀਨ ਚਲਾਉਣ ਤੋਂ ਪਹਿਲਾਂ ਪੁਰਾਤਨ ਰਵਾਇਤ ਅਨੁਸਾਰ ਸਰ੍ਹੋਂ ਦਾ ਤੇਲ ਚੋਅ ਕੇ ਕੰਮ ਸ਼ੁਰੂ ਕੀਤਾ ਗਿਆ। ਮੌਕੇ ਹਰਜਿੰਦਰ ਸਿੰਘ ਸੀਚੇ ਵਾਲ ਸੰਗਠਨ ਇੰਚਾਰਜ ਆਮ ਆਦਮੀ ਪਾਰਟੀ, ਮਨਦੀਪ ਸਿੰਘ ਕਾਰਜਕਾਰੀ ਇੰਜੀਨੀਅਰ, ਜਸਪ੍ਰੀਤ ਸਿੰਘ ਐੱਸਡੀਓ, ਵਰਿੰਦਰ ਰਾਏ ਜੇਈ, ਤੇਜਿੰਦਰ ਕੁਮਾਰ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ, ਗੁਰਦੇਵ ਸਿੰਘ ਮੰਡੀ ਸੁਪਰਵਾਈਜ਼ਰ, ਸਰਬਜੀਤ ਸਿੰਘ ਚੇਅਰਮੈਨ, ਜੋਗਾ ਸਿੰਘ ਡੌਲ ਪ੍ਰਧਾਨ ਆੜ੍ਹਤੀ ਯੂਨੀਅਨ, ਅਤੁਲ ਗੁਪਤਾ, ਚਰਨ ਸਿੰਘ ਸਫ਼ਰੀ ਪ੍ਰਧਾਨ ਟਰੱਕ ਵੈੱਲਫੇਅਰ ਸੁਸਾਇਟੀ, ਪਵਨ ਕੁਮਾਰ ਗੁਪਤਾ, ਵਿਨੋਦ ਕੁਮਾਰ ਬੱਬੂ, ਪੰਨੂੰ ਮੱਲ, ਗੋਵਰਧਨ ਲਾਲ ਤੇ ਸੁਰਿੰਦਰ ਕੁਮਾਰ ਛਿੰਦੀ ਲੰਬੜਦਾਰ ਵੀ ਮੌਜੂਦ ਸਨ।