ਮਹਿਲਾ ਕਿਸਾਨ ਨੇ ਵੀ ਸਾੜੀ ਪਰਾਲੀ, ਦੋ ਮਾਮਲੇ ਦਰਜ
ਮਹਿਲਾ ਕਿਸਾਨ ਨੇ ਵੀ ਸਾੜੀ ਪਰਾਲੀ, ਦੋ ਮਾਮਲੇ ਦਰਜ, ਜ਼ਿਲ੍ਹੇ ’ਚ 16 ਰੈੱਡ ਐਂਟਰੀਆਂ, ਏਕਿਊਆਈ 317 ਤੱਕ ਪਹੁੰਚਿਆ
Publish Date: Thu, 30 Oct 2025 10:49 PM (IST)
Updated Date: Thu, 30 Oct 2025 10:51 PM (IST)

-ਪਿਛਲੇ ਪੰਜ ਸਾਲਾਂ ’ਚ ਅਕਤੂਬਰ ਤੱਕ ਸੈਟੇਲਾਈਟ ਰਿਪੋਰਟ ਬਿਹਤਰ, ਹਵਾ ਫਿਰ ਵੀ ਪ੍ਰਦੂਸ਼ਿਤ    ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਿਤਪੁਰ ਦੇ ਪਿੰਡ ਲੋਹਗੜ੍ਹ ਤੇ ਲੋਹੀਆ ਦੇ ਚੱਕ ਬੰਡਾਲਾ ’ਚ ਪਰਾਲੀ ਸਾੜਨ ਦੇ ਦੋ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮੁਲਜ਼ਮਾਂ ’ਚ ਇਕ ਮਹਿਲਾ ਕਿਸਾਨ ਵੀ ਸ਼ਾਮਲ ਹੈ। ਜ਼ਿਲ੍ਹੇ ’ਚ ਹੁਣ ਤੱਕ 16 ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ। ਪ੍ਰਦੂਸ਼ਣ ਨਿਯੰਤਰਣ ਬੋਰਡ ਵੱਲੋਂ ਬੁੱਧਵਾਰ ਤੱਕ ਸੈਟੇਲਾਈਟ ਰਾਹੀਂ 28 ਮਾਮਲੇ ਮਿਲੇ ਹਨ। ਹੁਣ ਤੱਕ ਪਰਾਲੀ ਸਾੜਨ ਦੇ 9 ਮਾਮਲਿਆਂ ’ਚ ਕਾਰਵਾਈ ਕੀਤੀ ਗਈ ਹੈ, ਜਦਕਿ ਹੋਰ ਮਾਮਲਿਆਂ ਦੀ ਜਾਂਚ ਜਾਰੀ ਹੈ। ਪਰਾਲੀ ਸਾੜਨ ਕਾਰਨ ਹਵਾ ਦੀ ਗੁਣਵੱਤਾ ਹੋਰ ਖਰਾਬ ਹੋ ਗਈ ਤੇ ਏਕਿਊਆਈ 317 ਤੱਕ ਪਹੁੰਚ ਗਿਆ। ਹੁਣ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ ਜਲੰਧਰ ’ਚ ਹਰ ਰੋਜ਼ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਪਰਾਲੀ ਸਾੜਨ ਨੂੰ ਰੋਕਣ ਲਈ ਕਲਸਟਰ ਅਧਿਕਾਰੀਆਂ ਨੂੰ ਮੈਦਾਨ ’ਚ ਰਹਿ ਕੇ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ।         ---           ਪਰਾਲੀ ਸਾੜਨ ਦੇ ਦੋ ਨਵੇਂ ਮਾਮਲੇ, ਮਹਿਲਾ ਸਮੇਤ ਦੋ ਕਿਸਾਨਾਂ ’ਤੇ ਕੇਸ ਦਰਜ             ਜਲੰਧਰ ਦੇ ਮਹਿਤਪੁਰ ਦੇ ਪਿੰਡ ਲੋਹਗੜ੍ਹ (ਗੋਬਿੰਦਪੁਰ) ’ਚ ਪਰਾਲੀ ਸਾੜਨ ਦੇ ਮਾਮਲੇ ’ਚ ਪੁਲਿਸ ਨੇ ਕਿਸਾਨ ਰੂਪਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਲਖਪਾਲ ਸਿੰਘ, ਪੰਚਾਇਤ ਸਚਿਵ ਬਲਾਕ ਮਹਤਪੁਰ ਵੱਲੋਂ ਬਿਨਾਂ ਨੰਬਰ ਦੇ ਪੱਤਰ 29 ਅਕਤੂਬਰ 2025 ਰਾਹੀਂ ਕੀਤੀ ਗਈ ਸੀ। ਸ਼ਿਕਾਇਤ ’ਚ ਦੱਸਿਆ ਗਿਆ ਕਿ ਪਿੰਡ ਲੋਹਗੜ੍ਹ ਦੀ ਮਹਿਲਾ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ, ਜਿਸ ਨਾਲ ਆਲੇ ਦੁਆਲੇ ਦੇ ਖੇਤਾਂ ’ਚ ਪ੍ਰਦੂਸ਼ਣ ਤੇ ਨੁਕਸਾਨ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਟੀਮ ਨੇ ਮੌਕੇ ’ਤੇ ਜਾ ਕੇ ਸਬੂਤ ਇਕੱਠੇ ਕੀਤੇ ਤੇ ਮੁਲਜ਼ਮ ਵਿਰੁੱਧ ਰਿਪੋਰਟ ਤਿਆਰ ਕੀਤੀ।               ---                 ਚੱਕ ਬੰਡਾਲਾ ’ਚ ਪਰਾਲੀ ਸਾੜਨ ’ਤੇ ਮਾਮਲਾ ਦਰਜ                   ਜ਼ਿਲ੍ਹਾ ਜਲੰਧਰ ਦੇ ਪਿੰਡ ਚੱਕ ਬੰਡਾਲਾ ’ਚ ਪਰਾਲੀ ਸਾੜਨ ਦੇ ਹੋਰ ਮਾਮਲੇ ’ਚ ਪੁਲਿਸ ਨੇ ਸੱਜਣ ਸਿੰਘ ਨਿਵਾਸੀ ਚੱਕ ਬੰਡਾਲਾ ਲੋਹੀਆ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਗੁਰਦੇਵ ਸਿੰਘ, ਪਿੰਡ ਰੋਜ਼ਗਾਰ ਸੇਵਕ ਹਲਕਾ ਲੋਹੀਆ ਦੇ ਪੱਤਰ ਤੇ ਪਟਵਾਰੀ ਪਰਮਜੀਤ ਸਿੰਘ ਦੀ ਰਿਪੋਰਟ ਦੇ ਆਧਾਰ ’ਤੇ ਦਰਜ ਕੀਤਾ ਗਿਆ। ਰਿਪੋਰਟ ’ਚ ਦੱਸਿਆ ਗਿਆ ਕਿ 26 ਅਕਤੂਬਰ 2025 ਨੂੰ ਪਿੰਡ ਚੱਕ ਬੰਡਾਲਾ ’ਚ ਝੋਨੋੇ ਦੀ ਪਰਾਲੀ ਸਾੜਨ ਦੀ ਘਟਨਾ ਹੋਈ। ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸਰਕਾਰੀ ਜ਼ਮੀਨ ’ਤੇ ਪਰਾਲੀ ਸਾੜੀ ਗਈ। ਏਐੱਸਆਈ ਨੇ ਮੌਕੇ ਦਾ ਨਿਰੀਖਣ ਕਰ ਘਟਨਾ ਦੀ ਪੁਸ਼ਟੀ ਕੀਤੀ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰੀ ਜ਼ਮੀਨ ’ਤੇ ਪਰਾਲੀ ਸਾੜਨ ਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਪਾਏ ਜਾਣ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।                     ---                       ਏਅਰ ਕਵਾਲਿਟੀ ਇੰਡੈਕਸ                         ਸੋਮਵਾਰ - 163                           ਮੰਗਲਵਾਰ - 307                             ਬੁੱਧਵਾਰ - 312                               ਵੀਰਵਾਰ - 317                                 ---                                   ਪਿਛਲੇ ਪੰਜ ਸਾਲਾਂ ’ਚ ਸੈਟੇਲਾਈਟ ਰਿਪੋਰਟ (ਅਕਤੂਬਰ ਤੱਕ) ਬਿਹਤਰ                                     ਸਾਲ 2021 - 453 ਮਾਮਲੇ                                       ਸਾਲ 2022 - 676 ਮਾਮਲੇ                                         ਸਾਲ 2023 - 171 ਮਾਮਲੇ                                           ਸਾਲ 2024 - 32 ਮਾਮਲੇ                                             ਸਾਲ 2025 - 28 ਮਾਮਲੇ