ਫੋਨ ’ਤੇ ਗਾਲ੍ਹਾਂ ਕੱਢਣ ਦਾ ਲਾਇਆ ਦੋਸ਼
ਔਰਤ ਕਰਮਚਾਰੀ ਦੇ ਪਤੀ ਵੱਲੋਂ ਫੋਨ ’ਤੇ ਕੀਤੀ ਬਦਕਲਾਮੀ ਦਾ ਦੋਸ਼
Publish Date: Tue, 21 Apr 2026 09:22 PM (IST)
Updated Date: Tue, 21 Apr 2026 09:25 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਬੀਡੀਪੀਓ ਦਫ਼ਤਰ ਵਿਖੇ ਇਕ ਵਿਅਕਤੀ ਵੱਲੋਂ ਸੂਚਨਾ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਸੇ ਤਰ੍ਹਾਂ ਦੀ ਸੂਚਨਾ ਮੰਗੀ ਗਈ ਸੀ, ਜਿਸ ਬਾਰੇ ਵਿਚ ਪਤਾ ਕੀਤੇ ਜਾਣ ’ਤੇ ਉਸਨੂੰ ਸੂਚਨਾ ਉਪਲੱਭਧ ਨਾ ਕਰਵਾਏ ਜਾਣ ਦਾ ਖ਼ੁਲਾਸਾ ਕਰਦਿਆਂ ਹੋਇਆਂ ਅਮਰਜੀਤ ਸਿੰਘ ਕੰਗ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਮੰਗੀ ਗਈ ਸੂਚਨਾ ਨਾ ਦਿੱਤੇ ਜਾਣ ਤੇ ਉਸ ਵੱਲੋਂ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਸੀ , ਜਿਸ ਤੇ ਕਾਰਵਾਈ ਕਰਦਿਆਂ ਉੱਚ ਅਧਿਕਾਰੀਆਂ ਵੱਲੋਂ ਵੀ ਮਾਮਲਾ ਚੰਡੀਗੜ੍ਹ ਭੇਜਿਆ ਜਾ ਚੁੱਕਾ ਹੈ ਤੇ ਨਤੀਜੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਮਰਜੀਤ ਸਿੰਘ ਵੱਲੋਂ ਦੋਸ਼ ਲਾਇਆ ਗਿਆ ਕਿ ਉਹ ਜਦੋਂ ਵੀ ਸਵੇਰ ਵੇਲੇ ਦਫ਼ਤਰ ’ਚ ਜਾਂਦਾ ਸੀ ਤਾਂ ਉਦੋਂ ਹੀ ਕਈ ਕਰਮਚਾਰੀ ਗ਼ੈਰ ਹਾਜ਼ਰ ਪਾਏ ਜਾਂਦੇ ਸਨ, ਇਸ ਕਾਰਨ ਉਸ ਨੇ ਮੋਬਾਈਲ ’ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸਦੇ ਨਤੀਜੇ ਵਜੋਂ ਬਹੁਤੇ ਕਰਮਚਾਰੀ ਵੇਲੇ ਸਿਰ ਆਉਣ ਲੱਗ ਪਏ ਪ੍ਰੰਤੂ ਦਫ਼ਤਰ ਵਿਖੇ ਕੰਮ ਕਰਦੀ ਇਕ ਔਰਤ ਅੱਜ ਮਿਤੀ 21 ਅਪ੍ਰੈਲ ਨੂੰ ਵੀ ਲੇਟ ਹੀ ਆਈ, ਜਿਸ ਦੀ ਦਫ਼ਤਰ ਦੇ ਸੁਪਰਡੈਂਟ ਵੱਲੋਂ ਗ਼ੈਰ ਹਾਜ਼ਰੀ ਲਗਾ ਦਿੱਤੀ ਗਈ । ਇਸ ਦਾ ਪਤਾ ਲੱਗਣ ਤੇ ਉੱਕਤ ਔਰਤ ਦੇ ਪਤੀ ਵੱਲੋਂ ਦਫ਼ਤਰ ’ਚ ਪਹੁੰਚ ਕੇ ਅਮਰਜੀਤ ਸਿੰਘ ਕੰਗ ਨੂੰ ਫੋਨ ’ਤੇ ਇਤਰਾਜ਼ਯੋਗ ਭਾਸ਼ਾ ਵਰਤਦਿਆਂ ਕਾਫ਼ੀ ਬੁਰਾ ਭਲਾ ਕਿਹਾ ਗਿਆ। ਅਮਰਜੀਤ ਸਿੰਘ ਵੱਲੋਂ 112 ’ਤੇ ਫੋਨ ਕਰਕੇ ਮਾਮਲੇ ਦੀ ਇਤਲਾਹ ਦਿੱਤੀ ਗਈ। ਉੱਧਰ ਬਲਜੀਤ ਸਿੰਘ ਬੱਗਾ ਬੀਡੀਪੀਓ ਨਾਲ ਸੰਪਰਕ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਉਹ ਤਾਂ ਇਕ ਪਿੰਡ ਵਿਚ ਗਏ ਹੋਏ ਸਨ ਅਤੇ ਉਸਦੇ ਆਉਣ ’ਤੇ ਵੀ ਉਸ ਔਰਤ ਦਾ ਪਤੀ ਕਾਫ਼ੀ ਗੁੱਸੇ ’ਚ ਲੱਗ ਰਿਹਾ ਸੀ। ਉਹਨਾਂ ਹੋਰ ਕਿਹਾ ਕਿ ਦਫ਼ਤਰ ਦੀਆਂ ਦੂਜੀਆਂ ਔਰਤਾਂ ਵੱਲੋਂ ਵੀ ਅੱਜ ਦੇ ਘਟਨਾਕ੍ਰਮ ’ਤੇ ਪਰੇਸ਼ਾਨੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਆਉਣ ਵਾਲੇ ਦਿਨਾਂ ਵਿਚ ਛਾਣਬੀਣ ਕੀਤੀ ਜਾਵੇਗੀ ਤੇ ਜਿਸ ਦਾ ਵੀ ਕਸੂਰ ਹੋਇਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ।